ਜ਼ਿਲੇ ਦੇ ਇਤਿਹਾਸਕ ਤੇ ਧਰਾਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਰਵਾਨਾ , ਗੁਰਦਾਸਪੁਰ ਨੂੰ ਸੈਰ ਸਪਾਟਾ ਦੀ ਹੱਬ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ
ਗੁਰਦਾਸਪੁਰ, 31 ਜਨਵਰੀ ( ਅਸ਼ਵਨੀ ) :- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਇਕ ਹੋਰ ਨਿਵਕੇਲੀ ਪਹਿਲਕਦਮੀ ਕਰਦਿਆਂ ਗੁਰਦਾਸਪੁਰ ਜ਼ਿਲੇ ਨੂੰ ਟੂਰਿਸਟ ਹੱਬ ਬਣਾਉਣ ਦੇ ਮੰਤਵ ਨਾਲ ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਈਆਂ ਗਈਆਂ, ਜਿਸਦੇ ਨਾਲ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਇਹ ਸ਼ਾਨਦਾਰ ਉਪਰਾਲਾ, ਗੁਰਦਾਸਪੁਰ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਹੋ ਗਿਆ ਹੈ।
ਜ਼ਿਲਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵਲੋਂ ਅੱਜ ਪੰਚਾਇਤ ਭਵਨ ਗੁੁਰਦਾਸਪੁਰ ਅਤੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਤੋਂ ਦੋ ਵਿਸ਼ੇਸ ਬੱਸਾਂ ਚਲਾਈਆਂ ਗਈਆਂ ਅਤੇ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਵਿਸ਼ੇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੰਚਾਇਤ ਭਵਨ ਤੋਂ ਚੱਲਣ ਵਾਲੀ ਵਿਸ਼ੇਸ ਬੱਸ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦੇ ਮੰਦਰ ਧਿਆਨਪੁਰ ਵਿਖੇ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਜਿਲੇ ਨੂੰ ਟੂਰਿਸਟ ਹੱਬ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜ਼ਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਵਿਖੇ ਯਾਤਰੀ ਵੱਧ ਤੋਂ ਵੱਧ ਪੁਹੰਚਣ, ਇਸ ਲਈ ਵਿਸ਼ੇਸ ਯਤਨ ਆਰੰਭੇ ਗਏ ਹਨ। ਜਿਸੇ ਦੇ ਚਲਦਿਆਂ ਅੱਜ ਵਿਸ਼ੇਸ ਦੋ ਬੱਸਾਂ ਰਵਾਨਾ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਹਰ ਐਤਵਾਰ ਗੁਰਦਾਸਪੁਰ ਤੇ ਬਟਾਲਾ ਤੋਂ ਜ਼ਿਲੇ ਦੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਚੱਲਣਗੀਆਂ।
ਇਸ ਮੌਕੇ ਜਿਲੇ ਗੁਰਦਾਸਪੁਰ ਵਿਚ ਪਹਿਲੀ ਵਾਰ ਲੋਕਾਂ ਲਈ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਰਣਦੀਪ ਕੋਰ ਪਤਨੀ ਅਮਨਦੀਪ ਸਿੰਘ, ਵਾਸੀ ਦਸ਼ਮੇਸ ਨਗਰ, ਤਿੱਬੜੀ ਰੋਡ ਗੁਰਦਾਸਪੁਰ ਜੋ ਆਪਣੀ 04 ਸਾਲਾਂ ਦੀ ਲੜਕੀ ਨਿਮਰਤ ਅਤੇ 11 ਸਾਲਾਂ ਪੁੱਤਰ ਰਣਵੀਰ ਸਿੰਘ ਨਾਲ ਇਸ ਵਿਸ਼ੇਸ ਬੱਸ ਰਾਹੀ ਦਰਸ਼ਨਾਂ ਲਈ ਗਏ ਸਨ, ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਦਾ ਇਹ ਬੁਹਤ ਵਧੀਆਂ ਉਪਰਾਲਾ ਹੈ ਅਤੇ ਇਸ ਨਾਲ ਨੌਜਵਾਨ ਪੀੜੀ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਹੋਵੇਗੀ।
ਪਿੰਡ ਨੰਗਲ ਕੋਟਲੀ ਦੇ ਚਰਨਜੀਤ ਸਿੰਘ, ਦੇਵੀ ਸਿੰਘ ਗੁਰਦਾਸਪੁਰ ਤੋਂ, ਸੁਦੇਸ਼ ਰਾਣੀ ਤੇ ਪਿੰਕੀ ਗੁਰਦਾਸਪੁਰ ਅਤੇ ਸਰਕਾਰੀ ਹਾਈ ਸਕੂਲ ਬੱਬਰੀ ਦੀ ਵਿਦਿਆਰਥਣ ਬੱਬਲੀ ਨੇ ਕਿਹਾ ਕਿ ਗੁਰਦਾਸਪੁਰ ਅੰਦਰ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ, ਉਹ ਬੁਹਤ ਖੁਸ਼ ਹਨ ਅਤੇ ਅਜਿਹੇ ਉਪਰਾਲੇ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਮਿਲਵਰਤਨ ਨੂੰ ਹੋਰ ਮਜ਼ਬੂਤ ਕਰਦੇ ਹਨ।
ਇਸ ਤੋਂ ਪਹਿਲਾਂ ਵਿਸ਼ੇਸ ਬੱਸ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਵਿਖੇ ਪੁਹੰਚੀ, ਜਿਸੇ ਯਾਤਰੀਆਂ ਵਲੋਂ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਗਈ ਯਾਦਗਾਰ ਅਤੇ ਇਥੋ ਦੇ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਉਪੰਰਤ ਵਿਸੇਸ਼ ਬੱਸ ਦਾ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਪੁਹੰਚਣ ’ਤੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ ਅਤੇ ਕਮੇਟੀ ਵਲੋਂ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਲੱਡੂ, ਚਾਹ ਤੇ ਪਕੌੜੇ ਦੇ ਲੰਗਰ ਛਕਾਏ ਗਏ ਅਤੇ ਗੁਰੂ ਘਰ ਦੀ ਬਖਸ਼ਿਸ ਸਿਰੋਪਾਉ ਭੇਂਟ ਕੀਤੇ। ਇਸ ਮੌਕੇ ਗੱਲਬਾਤ ਦੌਰਾਨ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ। ਅਜਿਹੇ ਯਤਨ ਸਮਾਜ ਨੂੰ ਉਸਾਰੂ ਸੇਧ ਦਿੰਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਪੱਕਾ ਤੇ ਮਜ਼ਬੂਤ ਕਰਦੇ ਹਨ। ਉਨਾਂ ਕਿਹਾ ਕਿ ਪੂਰੇ ਜ਼ਿਲੇ ਅੰਦਰ ਇਸ ਉਪਰਾਲੇ ਦੀ ਸਰਾਹਨਾ ਕੀਤੀ ਜਾ ਰਹੀ ਹੈ, ਜਿਸ ਨਾਲ ਜਿਲਾ ਵਾਸੀ ਤੇ ਖਾਸਕਰਕੇ ਨੌਜਵਾਨ ਪੀੜੀ ਆਪਣੇ ਵਿਰਸੇ ਨਾਲ ਜੁੜੇਗੀ।
ਵਿਸ਼ੇਸ਼ ਬੱਸ ਵਿਚ ਯਾਤਰੀਆਂ ਲਈ ਪੀਣ ਲਈ ਸ਼ੁੱਧ ਪਾਣੀ ਅਤੇ ਰਿਫਰੈਸਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਰਿਫਰੈਸ਼ਮੈਂਟ ਆਰ.ਕੇ ਰਜੰਸੀ ਹੋਟਲ ਗੁਰਦਾਸਪੁਰ ਵਲੋਂ ਤਿਆਰ ਕੀਤੀ ਗਈ ਸੀ।
ਅਗਲੇ ਐਤਵਾਰ ਵਿਸ਼ੇਸ ਬੱਸ ਵਿਚ ਯਾਤਰਾ ਕਰਨ ਦੇ ਇਛੁੱਕ ਦਮਨਜੀਤ ਸਿੰਘ ਇੰਚਾਰਜ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਦੇ ਮੋਬਾਇਲ ਨੰਬਰ 98552-93452 ਅਤੇ ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਮੋਬਾਇਲ ਨੰਬਰ 98552-84240 ਤੇ ਸੰਪਰਕ ਕਰ ਸਕਦੇ ਹਨ ਤੇ ਬੁਕਿੰਗ ਕਰਵਾ ਸਕਦੇ ਹਨ।
ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਹਰਜਿੰਦਰ ਸਿੰਘ ਸੰਧੂ ਡੀਡੀਪੀਓ, ਹਰਦੀਪ ਸਿੰਘ ਜਿਲਾ ਸਿੱਖਿਆ ਅਫਸਰ (ਸ), ਸੁਰਜੀਤ ਪਾਲ ਜਿਲਾ ਸਿੱਖਿਆ ਅਫਸਰ (ਪ), ਹਰਜਿੰਦਰ ਸਿੰਘ ਕਲਸੀ ਡੀਪੀਆਰਓ, ਰਮੇਸ਼ ਮਹਾਜਨ ਐਮ.ਡੀ ਆਰ.ਕੇ ਰਜੰਸੀ ਹੋਟਲ ਗੁਰਦਾਸਪੁਰ, ਇਕਬਾਲ ਸਮਰਾ ਡਿਪਟੀ ਡੀਈਓ ਖੇਡਾਂ, ਮਾਸਟਰ ਜੋਹਰ ਸਿੰਘ ਪ੍ਰਧਾਨ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੀ ਮੋਜੂਦ ਸਨ।
![](https://i0.wp.com/www.doabatimes.com/wp-content/uploads/2024/02/ades-200.png?resize=100%2C100&ssl=1)
EDITOR
CANADIAN DOABA TIMES
Email: editor@doabatimes.com
Mob:. 98146-40032 whtsapp
![](https://i0.wp.com/www.doabatimes.com/wp-content/uploads/2024/09/CM-MAAN-ADD.jpg?fit=400%2C400&ssl=1)
![](https://i0.wp.com/www.doabatimes.com/wp-content/uploads/2024/01/NEW-SANDHU.png?fit=480%2C275&ssl=1)
![](https://i0.wp.com/www.doabatimes.com/wp-content/uploads/2021/11/MARUTI-AJWINDER.jpeg?fit=300%2C375&ssl=1)
![](https://i0.wp.com/www.doabatimes.com/wp-content/uploads/2021/11/FRIENDS-CAR.jpeg?fit=300%2C385&ssl=1)
![](https://i0.wp.com/www.doabatimes.com/wp-content/uploads/2021/11/ADD-DR-HIRA.jpeg?fit=400%2C372&ssl=1)
![](https://i0.wp.com/www.doabatimes.com/wp-content/uploads/2021/11/AGGARWAL-FINAL.jpg?fit=400%2C300&ssl=1)
![](https://i0.wp.com/www.doabatimes.com/wp-content/uploads/2021/11/DC-TIWARI-ADD.jpg?fit=400%2C200&ssl=1)