ਸਰਕਾਰੀ ਖਜ਼ਾਨੇ ਵਿਚੋਂ ਅਦਾਇਗੀਆਂ ਤੇ ਪਾਬੰਦੀ ਨੇ ਵਧਾਈ ਮੁਲਾਜ਼ਮਾਂ ਦੀ ਪ੍ਰੇਸ਼ਾਨੀ


ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨੇ ਦਿੱਤੀ ਸੰਘਰਸ਼ ਕਰਨ ਦੀ ਚਿਤਾਵਨੀ

ਗੁਰਦਾਸਪੁਰ 11 ਅਕਤੂਬਰ (ਅਸ਼ਵਨੀ ) : 31 ਮਾਰਚ ਅਤੇ 30 ਸਤੰਬਰ ਨੂੰ ਸੇਵਾ ਮੁਕਤ ਹੋਏ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਆਪਣੇ ਬਣਦੇ ਸੇਵਾ ਮੁਕਤੀ ਲਾਭਾਂ ਲਈ ਖਜ਼ਾਨਾ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਉਹ ਆਪਣੀ ਘਰੇਲੂ ਜ਼ਿੰਮੇਵਾਰੀ ਨਿਭਾਉਣ ਵਿਚ ਮੁਸ਼ਿਕਲਾ ਦਾ ਸਾਹਮਣਾ ਕਰ ਰਹੇ ਹਨ। ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਨੂੰ ਅੱਠ ਲੱਖ ਤੋਂ ਦੱਸ ਲੱਖ ਤੱਕ ਗਰੈਚੁਅਟੀ  ਪੰਦਰਾਂ ਲੱਖ ਤੋਂ ਪੰਜਾਹ ਲੱਖ ਤੱਕ ਜੀ ਪੀ ਐਫ  ਤੀਹ ਹਜ਼ਾਰ ਰੁਪਏ ਸਾਧਾਰਨ ਬੀਮਾ ਅਤੇ 300 ਦਿਨਾਂ ਦੀ ਆਖਰੀ ਤਨਖਾਹ ਅਨੁਸਾਰ ਕਮਾਈ ਛੁੱਟੀ ਦੇ ਪੈਸੇ ਅਦਾ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ  ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਵਿਚ ਦੋ ਸਾਲਾਂ ਦੇ ਵਾਧਾ ਬੰਦ ਕਰ ਕੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਨੀਤੀ ਬਨਾਉਣ ਦਾ ਐਲਾਨ ਕੀਤਾ ਗਿਆ ਸੀ।

31 ਮਾਰਚ ਨੂੰ  59 ਸਾਲ ਦੀ ਉਮਰ ਤੋਂ 60 ਸਾਲ ਦੀ ਉਮਰ ਵਾਲੇ ਦੂਜੇ ਸਾਲ ਦੇ ਵਾਧੇ  ਵਾਲੇ ਕਰਮਚਾਰੀਆਂ ਨੂੰ ਸੇਵਾ ਮੁਕਤ ਕਰਨ ਦਾ ਐਲਾਨ ਕਰ ਦਿੱਤਾ। 58ਸਾਲ ਤੋਂ 59 ਸਾਲ ਦੀ ਉਮਰ ਵਾਲੇ ਪਹਿਲੇ ਸਾਲ ਦੇ ਵਾਧੇ ਵਾਲੇ ਕਰਮਚਾਰੀਆਂ ਨੂੰ 30 ਸਤੰਬਰ ਸੇਵਾ ਮੁਕਤੀ ਦੀ ਤਾਰੀਖ਼ ਮਿੱਥੀ ਗਈ ਸੀ। ਕੋਵਿਡ 19 ਮਹਾਂਮਾਰੀ ਦੇ ਮਾਰਚ ਮਹੀਨੇ ਵਿਚ ਦਸਖਤ ਦੇਣ ਕਰਕੇ  ਦੂਜੇ ਸਾਲ ਦੇ ਵਾਧੇ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਉਪਰੋਕਤ ਹੁਕਮਾਂ ਵਿੱਚ ਢਿੱਲ ਦੇ ਕੇ 30 ਸਤੰਬਰ ਨੂੰ ਸੇਵਾ ਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇੱਕ ਅਨੁਮਾਨ ਅਨੁਸਾਰ ਸਾਲ 2020-21 ਿਵਚ ਵੱਖ-ਵੱਖ ਵਿਭਾਗਾਂ ਵਿੱਚ ਇੱਕ ਲੱਖ ਤੋਂ ਜ਼ਿਆਦਾ ਆਸਾਮੀਆਂ ਖਾਲੀ ਹੋ ਗਈਆਂ ਹਨ ਜਿਸ ਦੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁਸ਼ਟੀ ਵੀ ਕੀਤੀ ਗਈ ਹੈ। ਜਦੋਂ ਕਿ ਮੁਲਾਜ਼ਮਾਂ ਦੇ 1500 ਕਰੋੜ ਰੁਪਏ ਤੋਂ ਵਧੇਰੇ ਦੀਆਂ ਪੈਨਸ਼ਨਰ ਸੇਵਾ ਮੁਕਤੀ ਅਦਾਇਗੀਆਂ ਦੀ ਦੇਣਦਾਰੀ ਕਰਨੀ ਸੀ। ਕਰੋਨਾ ਸੰਕਟ ਦਾ ਬਹਾਨਾ ਬਣਾ ਕੇ  ਵਿੱਤ ਵਿਭਾਗ ਪੰਜਾਬ ਵੱਲੋਂ ਖਜ਼ਾਨੇ ਵਿਚੋਂ ਅਦਾਇਗੀਆਂ ਕਰਨ ਤੇ ਜ਼ਬਾਨੀ ਹੁਕਮਾਂ ਨਾਲ ਲਗਾਤਾਰ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਮੁਲਾਜ਼ਮਾਂ ਦਾ ਕਰੋੜਾਂ ਰੁਪਏ ਦਾ ਮਹਿੰਗਾਈ ਭੱਤਾ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਬਾਕੀ ਹੈ। 27000 ਕੱਚੇ ਮੁਲਾਜ਼ਮਾਂ ਪੱਕਾ ਹੋਣ ਦੀ ਉਡੀਕ ਵਿਚ ਉਮਰ ਦਰਾਜ ਹੋ ਰਹੇ ਹਨ।

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਰਨਲ ਸਕੱਤਰ ਅਮਰਜੀਤ ਸ਼ਾਸਤਰੀ ਨੇ ਖਜ਼ਾਨਾ ਦਫਤਰਾਂ ਵਿਚ ਵਿਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਦਫ਼ਤਰ ਪਹਿਲਾਂ ਆਉ ਪਹਿਲਾਂ ਪਾਉ ਨੀਤੀ ਦੀਆਂ ਧੱਜੀਆਂ ਉਡਾਉਂਦੇ ਹੋਏ ਚੰਡੀਗੜ੍ਹ ਬੈਠੇ ਅਧਿਕਾਰੀਆਂ ਦੀ ਸਿਫਾਰਸ਼ੀ ਚਿੱਠੀ ਅਤੇ ਸਿਆਸੀ ਆਗੂਆਂ ਦੀ ਸਿਫਾਰਸ਼ ਤੇ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਵੱਲੋਂ ਖਜ਼ਾਨਾ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਮੁਲਾਜ਼ਮਾਂ ਦੇ ਮੈਡੀਕਲ ਬਿਲਾਂ ਅਤੇ ਸੇਵਾ ਮੁਕਤੀ ਲਾਭਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਜਾਰੀ ਕਰੇ। ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਜਥੇਬੰਦੀ ਦੇ ਆਗੂ ਅਨੇਕ ਚੰਦ ਪਾਹੜਾ,ਗੁਰਦਿਆਲ ਚੰਦ,ਹਰਦੇਵ ਸਿੰਘ ਬਟਾਲਾ,ਦਵਿੰਦਰ ਸਿੰਘ ਕਾਦੀਆਂ,ਬਲਵਿੰਦਰ ਕੌਰ ਅਲੀ ਸ਼ੇਰ ,ਸੁਖਜਿੰਦਰ ਸਿੰਘ,ਬਲਵਿੰਦਰ ਕੌਰ,ਅਮਰਜੀਤ ਸਿੰਘ ਮਨੀ ,ਉਪਕਾਰ ਸਿੰਘ ਵਡਾਲਾ ਬਾਂਗਰ,ਡਾਕਟਰ ਸਤਿੰਦਰ ਿਸੰਘ ,ਹਰਦੀਪ ਰਾਜ,ਸਤਨਾਮ ਸਿੰਘ,ਅਮਰਜੀਤ ਸਿੰਘ ਕੋਠੇ ਘੁਰਾਲਾ,ਮਨੋਹਰ ਲਾਲ ਭੋਪੁਰ ਸੈਦਾ ਅਤੇ ਰਜਿੰਦਰ ਸ਼ਰਮਾ ਕਾਹਨੂੰਵਾਨ ਨੇ ਸੰਘਰਸ਼ ਕਰਨ ਦੀ ਪ੍ਰੋੜਤਾ ਕੀਤੀ ਹੈ।

Related posts

Leave a Reply