ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਪੁਲਿਸ ਵਿਭਾਗ ਵੀ ਪੂਰੀ ਤਰਾਂ ਮੁਸ਼ਤੈਦ : ਐੱਸ.ਐੱਸ.ਪੀ ਬਟਾਲਾ

ਹਰ ਵਿਅਕਤੀ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕਰੇ


ਬਟਾਲਾ, 25 ਜੂਨ ( ਸੰਜੀਵ ਨਈਅਰ, ਅਵਿਨਾਸ਼ ) : ਐੱਸ. ਐੱਸ .ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਉੱਪਰ ਮਾਸਕ ਜਰੂਰ ਪਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਅਤੇ ਖਤਮ ਨਹੀਂ ਹੋਇਆ ਹੈ ਇਸ ਲਈ ਸਾਰਿਆਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਰੱਖਣੀ ਚਾਹੀਦੀ ਹੈ ਅਤੇ ਭੀੜ ਵਾਲੀਆਂ ਥਾਵਾਂ ਉੱਪਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਉੱਪਰ ਥੁੱਕਣ ’ਤੇ ਸਖਤ ਮਨਾਹੀ ਹੈ। ਸ. ਘੁੰਮਣ ਨੇ ਕਿਹਾ ਕਿ ਬਾਰ-ਬਾਰ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਦੂਸਰੇ ਵਿਅਕਤੀਆਂ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਪੁਲਿਸ ਜਵਾਨਾਂ ਵਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਵਿੱਚ ਪੁਲਿਸ ਨੂੰ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਜੋ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮਾਸਕ ਨਹੀਂ ਪਾ ਰਹੇ ਹਨ, ਪੁਲਿਸ ਵਿਭਾਗ ਵਲੋਂ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇੱਕ ਲਾਗ ਦੀ ਬਿਮਾਰੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਹਦਾਇਤਾਂ ਦੀ ਪਾਲਣਾ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਦੀ ਲਾਪਰਵਾਹੀ ਪੂਰੇ ਸਮਾਜ ਲਈ ਖਤਰਾ ਬਣ ਸਕਦਾ ਹੈ ਇਸ ਲਈ ਪੁਲਿਸ ਵਿਭਾਗ ਵਲੋਂ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ।


ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਪੁਲਿਸ ਜ਼ਿਲ੍ਹਾ ਬਟਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਨਾਲ ਜੁੜਨ ਅਤੇ ਕੋਰੋਨਾ ਨੂੰ ਹਰਾਉਣ ਵਿਚ ਆਪਣਾ ਯੋਗਦਾਨ ਪਾਉਣ।

Related posts

Leave a Reply