ਤਿੰਨ ਬੱਚਿਆਂ ਦੀ ਮਾਂ ਦਾ ਪ੍ਰੇਮੀ ਵੱਲੋਂ ਕਤਲ,ਮ੍ਰਿਤਕਾ ਆਪਣੇ ਪਤੀ ਤੋਂ ਰਹਿ ਰਹੀ ਸੀ ਵੱਖ

ਬਟਾਲਾ 28 ਜੂਨ ( ਸੰਜੀਵ ਨਈਅਰ,ਅਵਿਨਾਸ਼ ) : ਸਥਾਨਕ ਗਾਂਧੀ ਕੈਂਪ ਵਿੱਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਸ ਦੀ ਮੌਤ ਇਲਾਜ ਦੌਰਾਨ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਹੋਈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਉਸ ਦੇ ਮੁਲਜ਼ਮ ਨਾਲ ਪਿਛਲੇ ਸਮੇਂ ਤੋਂ ਪ੍ਰੇਮ ਸਬੰਧ ਚੱਲਦੇ ਆ ਰਹੇ ਸਨ। ਮ੍ਰਿਤਕਾ ਦੀ ਪਛਾਣ ਸ਼ੀਤਲ ਕੁਮਾਰੀ ਪਤਨੀ ਕੁੰਦਨ ਲਾਲ ਵਾਸੀ ਸ਼ਾਂਤੀ ਨਗਰ ਬਟਾਲਾ ਵਜੋਂ ਹੋਈ ਹੈ। ਪੁਲੀਸ ਨੇ ਮੌਕੇ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਸਿੰਬਲ ਦੇ ਇੰਚਾਰਜ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕਾ ਸ਼ੀਤਲ ਕੁਮਾਰੀ ਆਪਣੇ ਪਤੀ ਤੋਂ ਵੱਖ-ਵੱਖ ਰਹਿ ਰਹੀ ਸੀ ਅਤੇ ਉਸ ਦੇ ਸੋਨੂੰ ਪੁੱਤਰ ਹੰਸ ਰਾਜ ਵਾਸੀ ਗਾਂਧੀ ਕੈਂਪ ਨਾਲ ਪ੍ਰੇਮ ਸਬੰਧ ਬਣ ਗਏ ਸਨ।

ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਇਕੱਠੇ ਰਹਿਣ ਪਿੱਛੋਂ ਉਕਤ ਦੋਵਾਂ ਵਿੱਚ ਵੀ ਤਕਰਾਰ ਹੋ ਗਈ ਸੀ ਅਤੇ ਕੱਲ੍ਹ ਦੇਰ ਸ਼ਾਮ ਸ਼ੀਤਲ ਆਪਣੀ ਸਹੇਲੀ ਦੇ ਨਾਲ਼ ਆਪਣੇ ਪ੍ਰੇਮੀ ਦੀ ਮਾਂ ਨੂੰ ਉਸ ਦੀ ਸ਼ਿਕਾਇਤ ਕਰਨ ਉਸ ਦੇ ਘਰ ਆਈ ਸੀ ਪਰ ਗੁੱਸੇ ਵਿੱਚ ਆ ਕੇ ਮੁਲਜ਼ਮ ਸੋਨੂੰ ਨੇ ਦਾਤਰ ਨਾਲ ਉਸ ਦੇ ਸਿਰ ’ਤੇ ਕਈ  ਵਾਰ ਕਰ ਦਿੱਤੇ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਅਤੇ ਨਾਲ ਹੀ ਉਸ ਦੀ ਸਹੇਲੀ ਦੇ ਸਿਰ ਵਿੱਚ ਵੀ ਦਾਤਰ ਵਜ਼ਾ।

ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਸੀਤਲ  ਨੂੰ ਜਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ। ਏਐਸਆਈ ਨੇ ਦੱਸਿਆ ਕਿ ਲਾਸ਼ ਨੂੰ ਅੰਮ੍ਰਿਤਸਰ ਤੋਂ ਲਿਆ ਕੇ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ’ਤੇ ਮੁਲਜ਼ਮ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ।ਚੌਕੀ ਇੰਚਾਰਜ ਅਸ਼ੋਕ ਕੁਮਾਰ ਅਨੁਸਾਰ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

Related posts

Leave a Reply