ਜਿਲਾ ਹਸਪਤਾਲਾਂ ਵਿੱਚ ਕੋਵਿਡ-19 ਦੀ ਟੈਸਟਿੰਗ ਲਈ10 ਟਰੂਨਾਟ ਮਸ਼ੀਨਾਂ ਕੀਤੀਆਂ ਜਾ ਰਹੀਆਂ ਸਥਾਪਤ : ਚੇਅਰਮੈਨ ਚੀਮਾ

ਬਟਾਲਾ,10 ਜੂਨ ( ਸੰਜੀਵ , ਅਵਿਨਾਸ਼ ) :   ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਿਹ ਤਹਿਤ ਜ਼ਿਲਾ ਹਸਪਤਾਲਾਂ (ਡੀ.ਐਚ.) ਵਿਖੇ ਤੁਰੰਤ ਕੋਰੋਨਾ ਵਾਇਰਸ ਟੈਸਟ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਸ਼ੱਕੀ ਪਾਏ ਜਾਣ ਵਾਲੇ ਫਰੰਟ ਲਾਈਨ ਵਰਕਰਾਂ,ਬਿਮਾਰੀ ਦੇ ਪ੍ਰਬੰਧਨ ਲਈ ਤੁਰੰਤ ਨਿਦਾਨ ਦੀ ਜ਼ਰੂਰਤ ਵਾਲੇ ਬਿਮਾਰ ਮਰੀਜ਼ਾਂ ਅਤੇ ਐਮਰਜੈਂਸੀ ਸਰਜਰੀਆਂ,ਡਾਇਲਸਿਸ ਆਦਿ ਜਿਥੇ ਤੇਜ਼ੀ ਨਾਲ ਰੋਗ ਦੀ ਪਛਾਣ ਨਾਲ ਮਰੀਜ਼ਾਂ ਦੇ ਇਲਾਜ ਦੇ ਬਿਹਤਰ ਪ੍ਰਬੰਧਾਂ ਵਾਸਤੇ 10 ਟਰੂਨਾਟ ਮਸ਼ੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਹਸਪਤਾਲ ਲੁਧਿਆਣਾ, ਜਲੰਧਰ, ਮਾਨਸਾ, ਬਰਨਾਲਾ ਅਤੇ ਪਠਾਨਕੋਟ ਵਿਖੇ 5 ਟਰੂਨਾਟ ਮਸ਼ੀਨਾਂ ਪਹਿਲਾਂ ਹੀ ਸਥਾਪਤ ਹਨ ਜਦਕਿ 10 ਹੋਰ ਮਸ਼ੀਨਾਂ ਬਠਿੰਡਾ,ਫਾਜਲਿਕਾ,ਗੁਰਦਾਸਪੁਰ, ਹੁਸਅਿਾਰਪੁਰ,ਕਪੂਰਥਲਾ,ਮੋਗਾ,ਮੁਕਤਸਰ ਸਾਹਿਬ, ਐਸ.ਬੀ.ਐੱਸ. ਨਗਰ, ਰੋਪੜ ਅਤੇ ਸੰਗਰੂਰ ਵਿਖੇ ਲਗਾਈਆਂ ਜਾਣਗੀਆਂ।

ਟਰੂਨਾਟ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜ ਪ੍ਰਣਾਲੀ ਬਾਰੇ ਦੱਸਦਿਆਂ ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਟਰੂਨਾਟ ਮਸ਼ੀਨਾਂ ਲਈ ਏ.ਸੀ. ਜਾਂ ਵਿਸ਼ੇਸ਼ ਬਾਇਓ-ਸੇਫਟੀ ਕੈਬਨਿਟ ਦੀ ਜ਼ਰੂਰਤ ਨਹੀਂ ਹੈ, ਇਸਨੂੰ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਵੀ ਆਸਾਨੀ ਨਾਲ ਸਥਾਪਤ ਕੀਤਾ ਜਾ ਸਕਦਾ ਹੈ। ਇੱਕ ਟਰੂਨਾਟ ਮਸ਼ੀਨ ’ਤੇ ਇੱਕ ਸਮੇਂ ਕੋਵਿਡ -19 ਦਾ ਟੈਸਟ ਕਰਨ ਲਈ ਇੱਕ ਘੰਟਾ ਲੱਗ ਸਕਦਾ ਹੈ। ਇੱਕ ਨਿਸ਼ਚਿਤ ਸਮੇਂ ਵਿੱਚ ਦੋ ਨਮੂਨਿਆਂ ਦੀ ਇੱਕੋ ਸਮੇਂ ਜਾਂਚ ਕੀਤੀ ਜਾ ਸਕਦੀ ਹੈ।

ਉਨਾਂ ਇਹ ਵੀ ਕਿਹਾ ਕਿ  ਟਰੂਨਾਟ ਮਸ਼ੀਨਾਂ ਤੋਂ ਇਲਾਵਾ, ਕੋਵਿਡ-19 ਦੀ ਟੈਸਟਿੰਗ ਲਈ ਪਟਿਆਲਾ ਦੇ ਟੀ.ਬੀ. ਹਸਪਤਾਲ ਅਤੇ ਜੀ.ਐਮ.ਸੀ. ਫਰੀਦਕੋਟ ਵਿਖੇ ਇੱਕ-ਇੱਕ ਸੀਬੀਨਾਟ ਮਸ਼ੀਨ ਵੀ ਸਥਾਪਤ ਹੈ ਜਿਸ ਦੁਆਰਾ ਇੱਕ ਘੰਟੇ ਵਿੱਚ 4 ਨਮੂਨਿਆਂ ਦੀ ਇੱਕੋ ਸਮੇਂ ਜਾਂਚ ਕੀਤੀ ਜਾ ਸਕਦੀ ਹੈ ਪਰ ਇਸ ਲਈ ਏ.ਸੀ. ਅਤੇ ਵਿਸ਼ੇਸ਼ ਬਾਇਓ-ਸੇਫਟੀ ਕੈਬਨਿਟ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨਾਂ ਮਸ਼ੀਨਾਂ ’ਤੇ ਤਕਰੀਬਨ 200 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

Related posts

Leave a Reply