ਭਾਜਪਾ ਨੂੰ ਪੂਰੇ ਦੇਸ਼ ਨੇ ਨਕਾਰਾ, ਉਨ੍ਹਾਂ ਦੀ ਪਾਰਟੀ ਦਾ ਮੁੱਖ ਮਕਸਦ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣਾ : ਸੁਖਦੇਵ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਡੀ) ਦਾ ਭਾਜਪਾ ਨਾਲ ਕਿਸੇ ਤਰ੍ਹਾਂ ਦੀ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ

ਗੜ੍ਹਦੀਵਾਲਾ 29 ਅਕਤੂਬਰ (ਚੌਧਰੀ/ ਪ੍ਰਦੀਪ ਸ਼ਰਮਾ ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਨੂੰ ਪੂਰੇ ਦੇਸ਼ ਨੇ ਨਕਾਰ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਭਾਜਪਾ ਨਾਲ ਕਿਸੇ ਤਰ੍ਹਾਂ ਦੀ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਭਾਜਪਾ ਨੇ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਕੇ ਦੇਸ਼ ਭਰ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਉਹ ਅੱਜ ਇੱਥੇ ਪਾਰਟੀ ਦੇ ਸਰਗਰਮ ਕਾਰਕੁਨ ਜਗਤਾਰ ਸਿੰਘ ਬਲਾਲਾ ਦੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪਿਤਾ ਜਗਦੀਸ਼ ਸਿੰਘ (ਸਹਾਇਕ ਕਮਾਂਡੈਂਟ ਸੇਵਾ ਮੁਕਤ) ਸਬੰਧੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਸਨ।

ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਮਕਸਦ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਇਸ਼ਾਰੇ ’ਤੇ ਚੱਲ ਰਹੀ ਹੈ, ਜਿਸ ਨੇ ਸਿੱਖ ਰਹਿਤ ਮਰਿਯਾਦਾ ਨੂੰ ਢਾਹ ਲਗਾਈ ਹੈ। ਸ਼੍ਰੋਮਣੀ ਕਮੇਟੀ ’ਤੇ ਸਿਆਸਤ ਭਾਰੂ ਹੈ ਤੇ ਉਨ੍ਹਾਂ ਦਾ ਮੁੱਖ ਮੰਤਵ ਧਰਮ ਨੂੰ ਸਿਆਸਤ ਤੋਂ ਵੱਖ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਕਿਸਾਨੀ ਹੱਕ ਦੁਆਉਣ ਲਈ ਹਰ ਪੱਧਰ ’ਤੇ ਕਿਸਾਨਾਂ ਲਈ ਸੰਘਰਸ਼ ਕਰੇਗੀ। ਕਿਸਾਨੀ ਧਰਨਿਆਂ ਵਿੱਚ ਪਾਰਟੀ ਦੇ ਕਾਰਕੁਨ ਤੇ ਆਗੂ ਸ਼ਮੂਲੀਅਤ ਕਰ ਰਹੇ ਹਨ ਅਤੇ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ,ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਪਰਮਿੰਦਰ ਸਿੰਘ ਪੰਨੂੰ,ਜਗਤਾਰ ਸਿੰਘ ਬਲਾਲਾ,ਮਨਜੀਤ ਸਿੰਘ ਦਸੂਹਾ,ਅਵਤਾਰ ਸਿੰਘ ਬਲਾਲਾ, ਕੁਲਵਿੰਦਰ ਸਿੰਘ ਜੰਡਾ, ਜਸਵਿੰਦਰ ਸਿੰਘ, ਮੋਹਨ ਸਿੰਘ, ਬਲਵੰਤ ਸਿੰਘ, ਹਰਕਮਲਜੀਤ ਸਿੰਘ ਸਹੋਤਾ,ਲੱਕੀ ਸ਼ਰਮਾ,ਗੁਰਤੇਜ ਸਿੰਘ, ਜਸਪ੍ਰੀਤ ਸਿੰਘ, ਗੁਰਮੀਤ ਕੌਰ, ਨਵਦੀਪ ਕੌਰ, ਰਾਜਵੀਰ ਕੌਰ, ਮਨਜੀਤ ਸਿੰਘ ਰੌਬੀ ਅਤੇ ਜਸਵੀਰ ਸਿੰਘ ਪੱਪੂ ਆਦਿ ਵੀ ਹਾਜ਼ਰ ਸਨ।

Related posts

Leave a Reply