BREAKING : ਰਿਆਲੀ ਕਲਾਂ ਦੇ ਲੋਕਾਂ ਨੇ ਆਪਣੇ ਕੋਲੋਂ 40 ਲੱਖ ਰੁਪਏ ਖਰਚ ਕਰਕੇ ਪਿੰਡ ਦੀ ਨੁਹਾਰ ਬਦਲੀ

ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰ ਨੂੰ ਦਿੱਤੀ ਖੂਬਸੂਰਤ ਦਿੱਖ
ਡਿਪਟੀ ਕਮਿਸ਼ਨਰ ਵਲੋਂ ਦਾਨ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਲਿਆਂ ਦਾ ਵਿਸ਼ੇਸ਼ ਸਨਮਾਨ
ਡੀ.ਸੀ. ਨੇ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਵੀ ਰਿਆਲੀ ਕਲਾਂ ਤੋਂ ਸੇਧ ਲੈਣ ਦੀ ਕੀਤੀ ਅਪੀਲ
ਬਟਾਲਾ (SHARMA NYYAR )– ਗੁਰੂ ਸਾਹਿਬ ਦੇ ਮਹਾਂਵਾਕ ‘ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਏ’ ਉੱਪਰ ਅਮਲ ਕਰਕੇ ਪਿੰਡ ਰਿਆਲੀ ਕਲਾਂ ਦੇ ਵਸਨੀਕਾਂ ਨੇ ਆਪਣੇ ਪਿੰਡ ਦੇ ਕਈ ਕਾਜੁ ਸਵਾਰਦਿਆਂ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵਲੋਂ ਆਪਣੇ ਪਿੰਡ ਰਿਆਲੀ ਕਲਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਉੱਪਰ 40 ਲੱਖ ਤੋਂ ਵੱਧ ਰੁਪਏ ਖਰਚੇ ਗਏ ਹਨ। ਇਸ ਰਾਸ਼ੀ ਨਾਲ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਆਂਗਨਵਾੜੀ ਕੇਂਦਰ, ਸਿਹਤ ਵਿਭਾਗ ਦਾ ਸਬ-ਸੈਂਟਰ ਦੀਆਂ ਇਮਾਰਤਾਂ ਦੀ ਮੁਰੰਮਤ ਕਰਾਉਣ ਦੇ ਨਾਲ ਪਿੰਡ ਦੇ ਸਮਸ਼ਾਨਘਾਟ ਅਤੇ ਪਿੰਡ ਦੀਆਂ ਗਲੀਆਂ ਦਾ ਵਿਕਾਸ ਕਰਾ ਕੇ ਬਿਲਕੁਲ ਨਵੀਂ ਦਿੱਖ ਦੇ ਦਿੱਤੀ ਹੈ। ਪਿੰਡ ਦੇ ਛੱਪੜਾਂ ਦੀ ਸਫ਼ਾਈ ਕਰਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਪਿੰਡ ਰਿਆਲੀ ਕਲਾਂ ਦੇ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਯੂ.ਐੱਸ.ਏ, ਦਵਿੰਦਰ ਸਿੰਘ ਯੂ.ਐੱਸ.ਏ ਅਤੇ ਮਨਜੀਤ ਸਿੰਘ ਯੂ.ਐੱਸ.ਏ ਦਾ ਪਿੰਡ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਪਿੰਡ ਦੇ ਵਸਨੀਕਾਂ ਵਲੋਂ ਰਿਆਲੀ ਕਲਾਂ ਵਿਕਾਸ ਕਲੱਬ ਬਣਾ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਬਦੌਲਤ ਸਿਰਫ਼ ਦੋ ਸਾਲਾਂ ਵਿੱਚ ਵੀ ਪਿੰਡ ਕਿਸੇ ਸ਼ਹਿਰ ਦੀ ਵਿਕਸਤ ਕਲੋਨੀ ਵਾਂਗ ਲੱਗਣ ਲੱਗ ਪਿਆ ਹੈ।
ਪਿੰਡ ਰਿਆਲੀ ਕਲਾਂ ਦੇ ਵਸਨੀਕਾਂ ਵਲੋਂ ਖੁਦ ਆਪਣੇ ਵਲੋਂ ਲਿਖੀ ਗਈ ਵਿਕਾਸ ਦੀ ਇਬਾਰਤ ਨੂੰ ਦੇਖਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਣਬੀਰ ਸਿੰਘ ਮੂਧਲ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਪਿੰਡ ਰਿਆਲੀ ਕਲਾਂ ਵਾਲਿਆਂ ਵਲੋਂ ਤਿਆਰ ਕੀਤੇ ਗਏ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਆਂਗਨਵਾੜੀ ਕੇਂਦਰ, ਸਿਹਤ ਵਿਭਾਗ ਦਾ ਸਬ-ਸੈਂਟਰ ਦੀਆਂ ਇਮਾਰਤਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਇਸ ਸੇਵਾ ਨੂੰ ਸਰਾਹਿਆ।
ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰਿਆਲੀ ਕਲਾਂ ਵਿਖੇ ਦਾਨੀ ਸੱਜਣਾਂ ਦੇ ਸਨਮਾਨ ਲਈ ਕਰਾਏ ਇਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦੀ ਵਿਕਾਸ ਪੱਖੀ ਸੋਚ ਨੂੰ ਸਲਾਮ ਕਰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ‘ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਏ’ ਦੀ ਇਹ ਸੋਚ ਹੋਰ ਪਿੰਡਾਂ ਦੇ ਲੋਕ ਵੀ ਅਪਨਾਉਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਇਸ ਪਿੰਡ ਦੇ ਬਸ਼ੰਦਿਆਂ ਨੇ ਆਪਣੇ ਪਿੰਡ ਨੂੰ ਅੱਗੇ ਲਿਜਾਣ ਲਈ ਜੋ ਯਤਨ ਕੀਤੇ ਹਨ ਉਸ ਲਈ ਉਹ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਆਂਗਨਵਾੜੀ ਕੇਂਦਰ ਦੀਆਂ ਇਮਾਰਤਾਂ ਬਹੁਤ ਖੂਬਸੂਰਤ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਭੇਜਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਸਰਕਾਰ ਵਲੋਂ ਕਾਬਲ ਅਧਿਆਪਕ ਨਿਯੁਕਤ ਕੀਤੇ ਗਏ ਹਨ ਅਤੇ ਪੜ੍ਹਾਈ ਈ-ਕੰਨਟੈਂਟ ਰਾਹੀਂ ਵੀ ਕਰਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਰਿਆਲੀ ਕਲਾਂ ਦੇ ਸਕੂਲ ਸਹੂਲਤਾਂ ਅਤੇ ਪੜ੍ਹਾਈ ਦੇ ਪੱਖ ਤੋਂ ਨਿੱਜੀ ਸਕੂਲਾਂ ਤੋਂ ਕਿਤੇ ਵੱਧ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੋ ਵਿਕਾਸ ਕਾਰਜ ਰਹਿ ਗਏ ਹਨ ਉਨ੍ਹਾਂ ਨੂੰ ਨੇਪਰੇ ਚਾੜਨ ਵਿੱਚ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਰਿਆਲੀ ਕਲਾਂ ਵਿਕਾਸ ਕਲੱਬ ਦੇ ਪ੍ਰਧਾਨ ਸ. ਹਰਪਾਲ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਵਿੱਚ 40 ਲੱਖ ਤੋਂ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਅਤੇ ਉਹ ਭਵਿੱਖ ਵਿੱਚ ਵੀ ਇਸੇ ਤਰਾਂ ਭਲਾਈ ਤੇ ਵਿਕਾਸ ਦੇ ਕੰਮ ਕਰਦੇ ਰਹਿਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਰਿਆਲੀ ਕਲਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਦੇ ਹੋਰ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਯੂ.ਐੱਸ.ਏ, ਦਵਿੰਦਰ ਸਿੰਘ ਯੂ.ਐੱਸ.ਏ ਅਤੇ ਮਨਜੀਤ ਸਿੰਘ ਯੂ.ਐੱਸ.ਏ, ਰਿਆਲੀ ਕਲਾਂ ਵਿਕਾਸ ਕਲੱਬ ਦੇ ਪ੍ਰਧਾਨ ਹਰਪਾਲ ਸਿੰਘ, ਚੀਫ ਫਾਰਮਸਿਸਟ ਅਫ਼ਸਰ (ਰਿਟਾ:) ਮਲਕੀਅਤ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਰੰਧਾਵਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਾਧਨਾ ਸੋਹਲ, ਪ੍ਰਿੰਸੀਪਲ ਮੋਨਿਕਾ ਮਹਾਜਨ, ਸਰਪੰਚ ਹਰਜੀਤ ਸਿੰਘ, ਜਗਤਾਰ ਸਿੰਘ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।

Related posts

Leave a Reply