ਝੋਨੇ ਦੀ ਵਿਕਰੀ ਸਮੇਂ ਖੱਜਲ ਖਰਾਬੀ ਤੋਂ ਬਚਣ ਲਈ ਝੋਨਾ ਸੁਕਾ ਕੇ ਮੰਡੀ ਵਿੱਚ ਲਿਆਉ : ਡਾ.ਅਮਰੀਕ ਸਿੰਘ


ਕਿਸਾਨਾਂ ਵੱਲੋਂ ਲਿਖਿਤ ਦਿੱਤਾ ਗਿਆ ਹੈ ਭਰੋਸਾ,ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਕਰਨਗੇ ਖੇਤੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਦਾਣਾ ਮੰਡੀ ਨੌਰੰਗਪੁਰ ਦਾ ਕੀਤਾ ਦੌਰਾ

ਪਠਾਨਕੋਟ,16 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਨੌਰੰਗਪੁਰ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,ਰਘਬੀਰ ਸਿੰਘ ਵੀ ਹਾਜ਼ਰ ਸਨ। ਦੌਰੇ ਦੌਰਾਨ ਮੰਡੀਆਂ ਵਿੱਚ ਹੋ ਰਹੀ ਤੁਲਾਈ ਦਾ ਮੌਕੇ ਤੇ ਜਾਇਜ਼ਾ ਲਿਆ ਅਤੇ ਤੋਲ ਚੈੱਕ ਕੀਤੇ ਗੲ,ਜੋ ਸਹੀ ਪਾਏ ਗਏੇ।

ਇਸ ਮੋਕੇ ਤੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਉਨਾਂ ਕਿਹਾ ਕਿ ਅਕਸਰ ਕਿਸਾਨ ਜਲਦਬਾਜੀ ਦੇ ਚੱਕਰ ਵਿੱਚ ਖੇਤਾਂ ਵਿੱਚ ਹੀ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਇਸ ਨਾਲ ਜਿੱਥੇ ਮਿੱਤਰ ਕੀੜੇ ਮਰ ਜਾਂਦੇ ਹਨ ਉੱਥੇ ਹੀ ਜਮੀਨ ਦੀ ਉਪਜ ਵਿੱਚ ਵੀ ਫਰਕ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਮੂਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਲਿਖਿਤ ਭਰੋਸਾ ਦਿੱਤਾ ਗਿਆ ਹੈ ਕਿ ਉਹ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨਗੇ।

ਦਾਣਾ ਮੰਡੀ ਨੌਰੰਗਪੁਰ ਵਿੱਚ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਕਰਨ ਬਾਰੇ ਸੋਚਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਕਿਸਾਨਾਂ ਅੰਦਰ ਨਵੀਨਤਮ ਖੇਤੀ ਤਕਨੀਕਾਂ ਪ੍ਰਤੀ ਜਾਗਰੁਕਤਾ ਵਧਣ ਕਾਰਨ ਇਸ ਵਾਰ ਝੋਨੇ ਦੀ ਫਸਲ ਵਿੱਚ ਕੀੜੇਮਾਰ ਰਸਾਇਣਾਂ ਅਤੇ ਖਾਦਾਂ ਦੀ ਖਪਤ ਕਾਫੀ ਘਟੀ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਘਟਣ ਨਾਲ ਕਿਸਾਨਾਂ ਦੀ ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਹੋਵੇਗਾ। ਉਨਾਂ ਕਿਹਾ ਕਿ ਝੋਨੇ ਦੀਆਂ ਕਿਸਮਾਂ ਸੰਬੰਧੀ ਪਾਏ ਜਾ ਰਹੇ ਭੁਲੇਖਿਆ ਬਾਰੇ ਕਿਹਾ ਕਿ ਝੋਨੇ ਦੀ ਕਿਸੇ ਵੀ ਕਿਸਮ ਨੂੰ ਜਾਰੀ ਕਰਨ ਤੋਂ ਪਹਿਲਾਂ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਬਣੀ ਸਟੇਟ ਵਰਾਇਟੀ ਅਪਰੂਵਲ ਕਮੇਟੀ ਵਿੱਚ ਸ਼ੈੱਲਰ ਐਸੋਸੀਏਸ਼ਨ,ਖ੍ਰੀਦ ਏਜੰਸੀਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਦੇ ਨੁਮਾਇੰਦੇ ਸ਼ਾਮਿਲ ਹੂੰਦੇ ਹਨ, ਜੋ ਕਿਸਮ ਨੂੰ ਪੂਰੀ ਤਰਾਂ ਘੋਖ ਕੇ ਜਾਰੀ ਕਰਦੇ ਹਨ।

ਉਨਾਂ ਕਿਹਾ ਕਿ  ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਿਆ ਜਾਵੇ,ਜੇਕਰ ਆੜਤੀ “ਜੇ” ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ।ਉਨਾਂ ਕਿਹਾ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਵੀ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ। ਉਨਾਂ ਕਿਹਾ ਕਿ ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ। ਉਨਾਂ ਕਿਹਾ ਕਿ ਕਦੇ ਵੀ ਛਾਂ ਹੇਠੋਂ,ਬਿਮਾਰੀ ਨਾਲ ਪ੍ਰਭਾਵਿਤ ਝੋਨੇ ਦੀ ਕਟਾਈ ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਕਿ ਇਹ ਵੀ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੀ ਹੈ।

ਡਾ. ਮਨਦੀਪ ਕੌਰ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਹਾਈਬਿ੍ਰਡ ਕਿਸਮਾਂ ਦੀ ਬਿਜਾਏ ਸਿਫਾਰਸ਼ਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਤਾਂ ਜੋ ਬੇਲੋੜੀ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ। ਇਸ ਮੌਕੇ ਝੋਨੇ ਦੀ ਹੋ ਰਹੀ ਤੁਲਾਈ ਅਤੇ ਨਮੀ ਚੈੱਕ  ਕੀਤੀ ਗਈ ਅਤੇ ਤੋਲ ਸਹੀ ਪਾਏ ਗਏ।

Related posts

Leave a Reply