BTL : ਵੰਡ ਛਕੋ ਦੇ ਸਿਧਾਂਤ ਉੱਪਰ ਪਹਿਰਾ ਦੇ ਰਹੇ ਹਨ ਭਾਗੋਵਾਲ ਦੇ ਵਸਨੀਕ

ਵੰਡ ਛਕੋ ਦੇ ਸਿਧਾਂਤ ਉੱਪਰ ਪਹਿਰਾ ਦੇ ਰਹੇ ਹਨ ਭਾਗੋਵਾਲ ਦੇ ਵਸਨੀਕ

ਲੋਕ ਭਲਾਈ ਸੰਸਥਾ ਵਲੋਂ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾਂ ਛਕਾਇਆ ਜਾ ਰਿਹਾ ਹੈ ਲੰਗਰ
 ਬਟਾਲਾ, 29 ਅਪ੍ਰੈਲ (  ਅਵਿਨਾਸ਼  , ਸੰਜੀਵ ‌‌‌‌‌‌‌ ਨੲੀਅਰ ) – ਗੁਰੂ ਸਾਹਿਬ ਦੇ ‘ਵੰਡ ਛਕੋ’ ਦੇ ਸਿਧਾਂਤ ਉੱਪਰ ਪਿੰਡ ਭਾਗੋਵਾਲ ਦੇ ਵਸਨੀਕ ਪੂਰੀ ਸ਼ਿੱਦਤ ਨਾਲ ਪਹਿਰਾ ਦੇ ਰਹੇ ਹਨ। ਕੋਰਨਾ ਵਾਇਰਸ ਦੇ ਕਰਫਿਊ ਦੌਰਾਨ ਪਿੰਡ ਭਾਗੋਵਾਲ ਦੇ ਲੋੜਵੰਦ ਪਰਿਵਾਰਾਂ ਲਈ ਪਿੰਡ ਦੀ ਹੀ ਲੋਕ ਭਲਾਈ ਸੰਸਥਾ ਵੱਡਾ ਸਹਾਰਾ ਸਾਬਤ ਹੋਈ ਹੈ। ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਦੋਂ ਦਾ ਕਰਫਿਊ ਲਗਾਇਆ ਗਿਆ ਉਸ ਦਿਨ ਤੋਂ ਹੀ ਲੋਕ ਭਲਾਈ ਸੰਸਥਾ ਦੇ ਮੈਂਬਰ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਇਸ ਸੰਸਥਾ ਵਲੋਂ ਪਿਛਲੇ 34 ਦਿਨਾਂ ਤੋਂ ਲਗਾਤਾਰ ਦੋ ਟਾਈਮ ਖਾਣਾ ਬਣਾ ਕੇ ਪਿੰਡ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਲੋਕ ਭਲਾਈ ਸੰਸਥਾ ਭਾਗੋਵਾਲ ਦੇ ਸੇਵਾਦਾਰ ਮਨਪ੍ਰੀਤ ਸਿੰਘ ਮੰਨਾ ਨੇ ਦੱਸਿਆ ਕਿ ਪਿਛਲੇ ਚਾਰ ਕੁ ਸਾਲ ਤੋਂ ਉਨ੍ਹਾਂ ਦੀ ਸੰਸਥਾ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਗਰੀਬ ਵਿਅਕਤੀਆਂ ਦਾ ਇਲਾਜ ਕਰਾਉਣਾ, ਜੇ ਕਿਸੇ ਦੇ ਘਰ ਦੀ ਛੱਤ ਨਹੀਂ ਹੈ ਤਾਂ ਉਸਦੀ ਨਵੀਂ ਛੱਤ ਬਣਾਉਣ ਦੀ ਸੇਵਾ ਕਰਨੀ, ਗਰੀਬ ਲੜਕੀਆਂ ਦੇ ਵਿਆਹਾਂ ਵਿੱਚ ਆਰਥਿਕ ਮਦਦ ਕਰਨੀ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨਾ ਆਦਿ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਸੰਸਥਾ ਵਿੱਚ ਪਿੰਡ ਦੇ ਹੀ ਕਰੀਬ 100 ਸੇਵਾਦਾਰ ਹਨ ਜੋ ਤਨ, ਮਨ ਤੇ ਧੰਨ ਨਾਲ ਸੇਵਾ ਕਰ ਰਹੇ ਹਨ। ਇਸਤੋਂ ਇਲਾਵਾ ਪਿੰਡ ਦੇ ਪਰਵਾਸੀ ਵੀਰਾਂ ਦਾ ਵੀ ਉਨ੍ਹਾਂ ਨੂੰ ਵੱਡਾ ਸਹਿਯੋਗ ਮਿਲ ਰਿਹਾ ਹੈ।
ਮਨਪ੍ਰੀਤ ਸਿੰਘ ਮੰਨਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਜਦੋਂ ਦਾ ਕਰਫਿਊ ਲੱਗਾ ਹੈ ਸੰਸਥਾ ਵਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਆਟਾ ਤੇ ਹੋਰ ਜਰੂਰਤ ਦਾ ਸਮਾਨ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਹਰ ਰੋਜ਼ ਦੋ ਟਾਈਮ ਦਾਲ ਸਬਜ਼ੀ ਬਣਾ ਕੇ ਪਿੰਡ ਦੇ ਲੋੜਵੰਦ ਪਰਿਵਾਰਾਂ ਵਿੱਚ ਘਰ-ਘਰ ਜਾ ਕੇ ਵੰਡੀ ਜਾ ਰਹੀ ਹੈ। ਇਸ ਸੇਵਾ ਉੱਪਰ ਰੋਜ਼ਾਨਾ 12 ਤੋਂ 13 ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਹੈ, ਜਿਸਨੂੰ ਸੰਸਥਾ ਦੇ ਮੈਂਬਰ ਰਲ ਕੇ ਕਰ ਰਹੇ ਹਨ। ਇਸ ਤੋਂ ਇਲਾਵਾ ਸੰਸਥਾ ਵਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਲੋਕ ਭਲਾਈ ਸੰਸਥਾ ਦੀ ਸੇਵਾ ਕਰਕੇ ਪਿੰਡ ਭਾਗੋਵਾਲ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਕਰਫਿਊ ਦੌਰਾਨ ਕੋਈ ਤੰਗੀ ਨਹੀਂ ਆਈ ਹੈ ਅਤੇ ਸਾਰੇ ਪਿੰਡ ਵਾਸੀ ਬੜੇ ਪਿਆਰ, ਮੁਹੱਬਤ ਤੇ ਇਤਫਾਕ ਨਾਲ ਜੀਵਨ ਬਸਰ ਕਰ ਰਹੇ ਹਨ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡ ਭਾਗੋਵਾਲ ਦੀ ਲੋਕ ਭਲਾਈ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਲੋੜਵੰਦਾਂ ਦੀ ਮਦਦ ਕਰਕੇ ਇਸ ਸੰਸਥਾ ਨੇ ਹੋਰ ਲੋਕਾਂ ਨੂੰ ਵੀ ਸੇਵਾ ਲਈ ਉਤਸ਼ਾਹਤ ਕੀਤਾ ਹੈ।

Related posts

Leave a Reply