BUREAU ASHWANI ::> ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਪੁਲਿਸ ਧੱਕੇਸ਼ਾਹੀ ਦੀ ਤਿੱਖੇ ਸ਼ਬਦਾਂ ਚ ਨਿੰਦਾ

ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਪੁਲਿਸ ਧੱਕੇਸ਼ਾਹੀ ਦੀ ਤਿੱਖੇ ਸ਼ਬਦਾਂ ਚ ਨਿੰਦਾ 
ਗੁਰਦਾਸਪੁਰ, 19 ਅਪ੍ਰੈਲ ( ਅਸ਼ਵਨੀ ) :- ਚੰਡੀਗੜ ਤੋਂ  ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਘਰ ਤੋਂ ਦਫ਼ਤਰ ਜਾਂਦਿਆਂ ਰਸਤੇ ਵਿਚ ਘੇਰ ਕੇ ਚੰਡੀਗੜ ਪੁਲਿਸ ਦੇ ਐਸਐਚਓ ਜਸਵੀਰ ਸਿੰਘ ਵੱਲੋਂ ਘੇਰ ਕੇ ਬਦਤਮੀਜ਼ੀ ਨਾਲ ਪੇਸ਼ ਆਉਣ, ਜਬਰੀ ਬਲੇਰੋ ਗੱਡੀ ਵਿਚ ਸੁੱਟ ਕੇ ਥਾਣੇ ਲਿਜਾਉਣ ਲੰਬਾ ਸਮਾਂ ਥਾਣੇ ਬਿਠਾ ਕੇ ਰੱਖਣ ਅਤੇ ਅਣਮਨੁੱਖੀ ਵਿਵਹਾਰ ਕਰਨ ਦੀ ਵੱਖ-ਵੱਖ ਸੰਗਠਨਾਂ ਨੇ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । 
ਪ੍ਰੈੱਸ ਕਲੱਬ, ਗੁਰਦਾਸਪੁਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਤੁਰੰਤ ਜਾਂਚ ਕਰਨ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਐੱਸਐੱਚਓ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਪੱਤਰਕਾਰਾਂ ਨੇ ਕਿਹਾ ਕਿ ਇਹ ਘਟਨਾ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਵੀ ਪ੍ਰਤੀਤ ਹੁੰਦੀ ਹੈ ਅਤੇ ਗੰਭੀਰਤਾ ਦੀ ਮੰਗ ਕਰਦੀ ਹੈ ।

ਪ੍ਰੈੱਸ ਨੂੰ ਜਾਰੀ ਇੱਕ ਵੱਖਰੇ ਬਿਆਨ ਵਿੱਚ ਜਮਹੂਰੀ ਅਧਿਕਾਰ ਸਭਾ, ਗੁਰਦਾਸਪੁਰ ਦੀ ਜਿਲਾ ਇਕਾਈ ਨੇ ਵੀ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ । ਬਿਆਨ ਜਾਰੀ ਕਰਨ ਵਾਲੇ ਨੇਤਾਵਾਂ ਨੇ ਕਿਹਾ ਕਿ ਦਵਿੰਦਰ ਪਾਲ ਜ਼ਿੰਮੇਵਾਰ ਸਟਾਫ਼ ਰਿਪੋਰਟਰ ਹੈ ਜਿਸ ਨੇ ਹਰ ਔਖੇ ਤੋਂ ਔਖੇ ਦੌਰ ਵਿਚ ਅਨੇਕਾਂ ਖ਼ਤਰੇ ਮੁੱਲ ਲੈ ਕੇ ਪੱਤਰਕਾਰਤਾ ਦੇ ਮਿਆਰਾਂ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ। ਇਸ ਕਲਮ ਨੇ ਹੁਣ ਤੱਕ ਬੇਖ਼ੌਫ ਹੋਕੇ ਲੋਕ ਪੱਖੀ ਨਜ਼ਰੀਏ ਉੱਪਰ ਡਟ ਕੇ ਪਹਿਰਾ ਦਿੱਤਾ ਹੈ । ਲੋਕ ਮਸਲੇ ਉਭਾਰਨ ਵਾਲੀਆਂ ਕਲਮਾਂ ਸਰਕਾਰਾਂ ਨੂੰ ਕਦੇ ਵੀ ਰਾਸ ਨਹੀਂ ਬੈਠਦੀਆਂ ।
ਨੇਤਾਵਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਸਮਾਂ ਬੱਧ ਨਿਆਇਕ ਪੜਤਾਲ ਕੀਤੀ ਜਾਵੇ ਅਤੇ ਉਸ ਸਮੇਂ ਤੱਕ ਜ਼ਿੰਮੇਵਾਰ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ । ਇਸ ਦੇ ਨਾਲ ਹੀ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਉਨਾ ਕਿਹਾ ਕਿ ਜੇ ਸੀਨੀਅਰ ਪੱਤਰਕਾਰ ਵੀ ਪੁਲਿਸ ਦੀਆਂ ਧੱਕੇਸ਼ਾਹੀਆਂ ਅਤੇ ਮਨਮਾਨੀਆਂ ਤੋਂ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕਾਂ ਦੇ ਹੱਕਾਂ ਦੀ ਢਾਲ ਕੌਣ ਬਣੇਗਾ।

 
 
 
 
 
 

 

Related posts

Leave a Reply