ਕੈਪਟਨ ਸਰਕਾਰ ਵਲੋਂ ਵਿਦੇਸ਼ਾਂ ‘ਚ ਪੜਾਈ ਅਤੇ ਨੌਕਰੀਆਂ ਲਈ ਵਿਸੇਸ਼ ਸੈੱਲ ਸ਼ੁਰੂ
1 ਤੋਂ 31 ਮਾਰਚ, 2021 ਤੱਕ ਹੋਵੇਗੀ ਕਾਉਂਸਲਿੰਗ
ਚੰਡੀਗੜ, 22 ਫਰਵਰੀ:
ਪੰਜਾਬ ਸਰਕਾਰ ਨੇ ਪੰਜਾਬ ਘਰ-ਘਰ ਰੋਜਗਾਰ ਅਤੇ ਕਰੋਬਾਰ ਮਿਸ਼ਨ ਤਹਿਤ ਵਿਦੇਸ਼ਾਂ ਵਿੱਚ ਪੜਾਈ ਅਤੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਮੁਫਤ ਕਾਉਂਸਲਿੰਗ ਲਈ ‘ਫਾਰਨ ਸਟੱਡੀ ਐਂਡ ਪਲੇਸਮੈਂਟ ਸੈੱਲ’ ਦੀ ਸੁਰੂਆਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੱਸਿਆ ਕਿ ਵਿਦੇਸਾਂ ਵਿਚ ਪੜਨ ਅਤੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਇਹ ਪ੍ਰਾਜੈਕਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਰਅੰਦੇਸ਼ ਸੋਚ ਦਾ ਨਤੀਜਾ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਵਿਭਾਗ ਵਲੋਂ ਵਿਦੇਸ਼ਾਂ ਵਿੱਚ ਪੜਨ ਅਤੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਮੁਫਤ ਕਾਉਂਸਲਿੰਗ ਸੇਵਾ ਪ੍ਰਦਾਨ ਕੀਤੀ ਜਾਵੇਗੀ। ਵਿਦੇਸ਼ੀ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ 21 ਤੋਂ 25 ਫਰਵਰੀ, 2021 ਤੋਂ ਤੱਕ ਕਰ ਸਕਦੇ ਹਨ। ਚਾਹਵਾਨ ਉਮੀਦਵਾਰ ਰਜਿਸਟਰ ਕਰਨ ਲਈ ਸਬੰਧਤ ਜ਼ਿਲਾ ਰੁਜ਼ਗਾਰ ਬਿਊਰੋ ਐਂਡ ਐਂਟਰਪ੍ਰਾਈਜ਼ ਦੇ ਆਨਲਾਈਨ ਲਿੰਕ ‘ਤੇ ਜਾ ਕੇ ਰਜਿਸ਼ਟਰ ਕਰ ਸਕਦੇ ਹਨ ਜਾਂ ਜ਼ਿਲਾ ਬਿਊਰੋ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਕਾਉਂਸਲਿੰਗ ਦਾ ਪਹਿਲਾ ਗੇੜ 1 ਤੋਂ 31 ਮਾਰਚ, 2021 ਤੱਕ ਹੋਵੇਗਾ।
ਰੁਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਪੰਜਾਬ ਸਰਕਾਰ ਦੀ ਵਿਲੱਖਣ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੈੱਲ ਪੰਜਾਬੀ ਨੌਜਵਾਨਾਂ ਨੂੰ ਉਨਾਂ ਦੀਆਂ ਰੁਚੀਆਂ ਅਤੇ ਯੋਗਤਾ ਅਨੁਸਾਰ ਪੜਾਈ ਅਤੇ ਕੰਮ ਲਈ ਵੀਜਾ ਪ੍ਰਾਪਤ ਕਰਨ ਵਿੱਚ ਮਦਦਗਾਰ ਸਿੱਧ ਹੋਵੇਗੀ। ਉਨਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਫੀਸ, ਯਾਤਰਾ ਅਤੇ ਠਹਿਰਨ ਆਦਿ ਨਾਲ ਜੁੜੇ ਸਾਰੇ ਖਰਚੇ ਉਮੀਦਵਾਰ ਵਲੋਂ ਖੁਦ ਹੀ ਚੁੱਕਣੇ ਹੋਣਗੇ।
ਵਧੇਰੇ ਜਾਣਕਾਰੀ ਲਈ ਉਮੀਦਵਾਰ pbemployment.punjab.gov.in / www.pgrkam.com. ‘ਤੇ ਲਾਗਇਨ ਕਰ ਸਕਦੇ ਹਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp