LATEST NEWS: ਸੀ.ਬੀ.ਆਈ. ਰਾਜਨੀਤੀ ਲਈ ਵਰਤੀ ਜਾਂਦੀ ਹੈ, ਬਿਨਾਂ ਆਗਿਆ ਏਜੰਸੀ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਸੀ.ਬੀ.ਆਈ. ਰਾਜਨੀਤੀ ਲਈ ਵਰਤੀ ਜਾਂਦੀ ਹੈ, ਬਿਨਾਂ ਆਗਿਆ ਏਜੰਸੀ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਲੜਨ ਲਈ ਭਾਜਪਾ ਦਾ ਸਵਾਗਤ ਹੈ ਪਰ ਬਿਨਾਂ ਗਠਜੋੜ ਤੋਂ ਇਕ ਵੀ ਸੀਟ ਨਹੀਂ ਜਿੱਤ ਸਕੇਗੀ

ਚੰਡੀਗੜ, 21 ਨਵੰਬਰ (ਹਰਦੇਵ ਮਾਨ )
ਬਰਗਾੜੀ ਮਾਮਲੇ ਵਿੱਚ ਸੀ.ਬੀ.ਆਈ. ਦੇ ਮਾੜੇ ਰਿਕਾਰਡ ਜਿੱਥੇ ਉਨਾਂ ਬਿਨਾਂ ਜਾਂਚ ਦੇ ਬੰਦ ਕਰ ਦਿੱਤਾ, ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨਾਂ ਦੀ ਸਰਕਾਰ ਕੇਂਦਰੀ ਜਾਂਚ ਬਿਊਰੋ ਨੂੰ ਆਪਣੇ ਸੂਬੇ ਵਿੱਚ ਬਿਨਾਂ ਆਗਿਆ ਤੋਂ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗੀ।
ਪੰਜਾਬ ਸਮੇਤ ਅੱਠ ਸੂਬਿਆਂ ਵੱਲੋਂ ਸੀ.ਬੀ.ਆਈ. ਨੂੰ ਬਿਨਾਂ ਆਗਿਆ ਦਾਖਲ ਹੋਣ ਦੀ ਇਜਾਜ਼ਤ ਵਾਪਸ ਲੈਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏਜੰਸੀ ਦੀ ਵੱਧ ਤੋਂ ਵੱਧ ਵਰਤੋਂ ਰਾਜਨੀਤੀ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਸੀ.ਬੀ.ਆਈ. ਰਾਹੀਂ ਨਿਰਪੱਖ ਜਾਂਚ ਯਕੀਨੀ ਨਹੀਂ ਬਣਾਈ ਜਾ ਸਕਦੀ।
ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਰਾਜਸੀ ਪਿੜ ਵਿੱਚ ਮਹੱਤਵਹੀਣ ਗਰਦਾਨਦਿਆਂ ਮੁੱਖ ਮੰਤਰੀ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਭਾਜਪਾ ਦਾ ਸੂਬੇ ਵਿੱਚ ਸਾਰੀਆਂ 117 ਵਿਧਾਨ ਸਭਾ ਸੀਟਾਂ ਲੜਨ ਲਈ ਸਵਾਗਤ ਹੈ ਪਰ ਇਹ ਪਾਰਟੀ ਬਿਨਾਂ ਕਿਸੇ ਗਠਜੋੜ ਭਾਈਵਾਲ ਦੇ ਇਕ ਵੀ ਸੀਟ ਨਹੀਂ ਜਿੱਤ ਸਕਦੀ। ਉਨਾਂ ਕਿਹਾ ਕਿ ਅਸਲ ਵਿੱਚ ਕਾਂਗਰਸ ਨੂੰ ਪੰਜਾਬ ਵਿੱਚ ਕੋਈ ਚੁਣੌਤੀ ਨਹੀਂ ਹੈ। ਇਥੋਂ ਤੱਕ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਵੀ ਕੋਈ ਖਤਰਾ ਨਹੀਂ ਹੈ। ਉਨਾਂ ਕਿਹਾ ਕਿ ਇਨਾਂ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਸੂਬੇ ਦੇ ਹਿੱਤ ਲਈ ਕਦੇ ਵੀ ਸਕਰਾਤਮਕ ਗੱਲ ਨਹੀਂ ਕੀਤੀ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਚੋਣਾਂ ਨੂੰ ਹਾਲੇ 18 ਮਹੀਨੇ ਦੇ ਕਰੀਬ ਸਮਾਂ ਪਿਆ ਹੈ ਅਤੇ ਇਹ ਕਹਿਣਾ ਸੰਭਵ ਨਹੀਂ ਕਿ ਚੋਣਾਂ ਵੇਲੇ ਕਿਹੜਾ ਮੁੱਦਾ ਭਾਰੂ ਰਹੇਗਾ। ਉਨਾਂ ਉਮੀਦ ਪ੍ਰਗਟਾਈ ਕਿ ਭਾਜਪਾ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰੇਗੀ। ਉਨਾਂ ਕਿਹਾ ਕਿ ਕਿਸਾਨ ਐਮ.ਐਸ.ਪੀ. ਦਾ ਬਣੇ ਰਹਿਣਾ ਚਾਹੁੰਦੇ ਹਨ ਅਤੇ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨਾਂ ਕੇਂਦਰ ਅਤੇ ਕਿਸਾਨਾਂ ਦੋਵਾਂ ਵੱਲੋਂ ਸਖਤ ਫੈਸਲੇ ’ਤੇ ਦੁੱਖ ਪ੍ਰਗਟਾਉਦਿਆਂ ਕਿਹਾ ਕਿ ਕਿਸਾਨ ਸੰਘਰਸ਼ ਲੰਬਾ ਚੱਲਣ ਨਾਲ ਸਰਹੱਦ ’ਤੇ ਬੈਠੇ ਸੈਨਿਕਾਂ ਨੂੰ ਪਹੁੰਚਾਈ ਜਾਣ ਵਾਲੀ ਸਪਲਾਈ ਪ੍ਰਭਾਵਿਤ ਹੋਵੇਗੀ ਜਦੋਂ ਕਿ ਇਹ ਪੰਜਾਬ ਦੇ ਹਿੱਤਾਂ ਦਾ ਵੀ ਨੁਕਸਾਨ ਕਰ ਰਿਹਾ ਹੈ। ਉਨਾਂ ਕਿਹਾ ਕਿ ਹਾਲਾਂਕਿ ਸੰਘਰਸ਼ ਕਿਸਾਨਾਂ ਦਾ ਲੋਕਤੰਤਰਿਕ ਅਤੇ ਸੰਵਿਧਾਨਕ ਹੱਕ ਹੈ ਜਿਸ ਦਾ ਕੇਂਦਰ ਸਰਕਾਰ ਨੂੰ ਵੀ ਅਹਿਸਾਸ ਹੈ ਕਿਉਕਿ ਉਨਾਂ ਵੱਲੋਂ ਗੱਲਬਾਤ ਲਈ ਕਿਸਾਨ ਯੂਨੀਅਨਾਂ ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ ਸੀ।
ਮੁੱਖ ਮੰਤਰੀ ਨੇ ਇਹ ਗੱਲ ਦੁਹਰਾਈ ਕਿ ਉਹ ਕਾਰਪੋਰੇਟਾਂ ਵੱਲੋਂ ਪੰਜਾਬ ਵਿੱਚ ਅਨਾਜ ਖਰੀਦਣ ਦਾ ਸਵਾਗਤ ਕਰਦੇ ਹਨ ਬਸ਼ਰਤੇ ਉਹ ਮੌਜੂਦਾ ਮੰਡੀਕਰਨ ਸਿਸਟਮ ਦਾ ਪਾਲਣ ਕਰਦੇ ਹੋਣ ਜਿਹੜਾ ਕਿਸਾਨ ਤੇ ਆੜਤੀਏ ਵਿਚਾਲੇ ਨਜ਼ਦੀਕੀ ਸਬੰਧਾਂ ਉਤੇ ਬਣਿਆ ਹੋਇਆ ਹੈ। ਉਨਾਂ ਭਾਜਪਾ ਦੇ ਉਨਾਂ ਦੋਸ਼ਾਂ ਨੂੰ ਰੱਦ ਕੀਤਾ ਜਿਸ ਵਿੱਚ ਉਨਾਂ ਕਾਂਗਰਸ ਅਤੇ ਹੋਰਨਾਂ ਕੇਂਦਰੀ ਵਿਰੋਧੀ ਪਾਰਟੀਆਂ ਉਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਸਨ। ਉਨਾਂ ਕਿਹਾ ਕਿ ਸਮੁੱਚੀ ਪੰਜਾਬ ਵਿਧਾਨ ਸਭਾ ਨੇ ਸਰਵਸੰਮਤੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਭਾਵੇਂ ਕਿ ਕੁਝ ਪਾਰਟੀਆਂ ਨੇ ਆਪਣੀ ਰਾਜਸੀ ਮਜਬੂਰੀ ਦੇ ਚੱਲਦਿਆਂ ਬਾਅਦ ਵਿੱਚ ਯੂ-ਟਰਨ ਲੈ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਬਿੱਲਾਂ ਨੂੰ ਸੰਸਦ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਪੰਜਾਬ ਸਰਕਾਰ ਸਮੇਤ ਸਾਰੀਆਂ ਸਬੰਧਤ ਧਿਰਾਂ ਦੀ ਰਾਏ ਲੈਣੀ ਚਾਹੀਦੀ ਸੀ। ਉਨਾਂ ਕਿਹਾ ਕਿ ਇਹ ਸਭ ਕਰਨ ਦੀ ਬਜਾਏ ਬਿਨਾਂ ਬਹਿਸ ਤੋਂ ਬਿੱਲ ਪਾਸ ਕਰ ਦਿੱਤੇ ਗਏ। 
ਕਾਂਗਰਸ ਵਿੱਚ ਅਸਹਿਮਤੀ ਨੂੰ ਅੰਦਰੂਨੀ ਲੋਕਤੰਤਰ ਦਾ ਸੰਕੇਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖਿਆ ਸੀ, ਉਨਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਗਠਿਤ ਅਹਿਮ ਕਮੇਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਅਕਾਲੀ ਦਲ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਕਰਵਾਉਣਾ ਨਹੀਂ ਚਾਹੁੰਦਾ ਕਿਉਕਿ ਉਹ ਇਸ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਦੇ ਹਨ।
ਭਾਰਤੀ ਜਲ ਸੈਨਾ ਵੱਲੋਂ ਹੋਰਨਾਂ ਦੇਸ਼ਾਂ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਸਾਂਝੀਆਂ ਮਸ਼ਕਾਂ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਤੇ ਪਾਕਿਸਤਾਨ ਦੇ ਭਾਰਤ ਵਿਰੁੱਧ ਨਾਪਾਕ ਮਨਸੂਬੇ ਸਫਲ ਨਹੀਂ ਹੋਣਗੇ। ਉਨਾਂ ਕਿਹਾ ਕਿ ਪੰਜਾਬ ਸ਼ਾਂਤੀ ਤੇ ਵਿਕਾਸ ਚਾਹੁੰਦਾ ਹੈ ਅਤੇ ਪੰਜਾਬ ਕਿਸੇ ਵੀ ਕੀਮਤ ’ਤੇ ਪਾਕਿਸਤਾਨ ਨੂੰ ਮੁਸੀਬਤ ਪੈਦਾ ਕਰਨ ਦੀ ਆਗਿਆ ਨਹੀਂ ਦੇਵੇਗਾ।

Related posts

Leave a Reply