#CJM_HOSHIARPUR : ਲੀਗਲ ਮੈਗਾ ਸਰਵਿਸ ਕੈਂਪ : ਲੋਕਾਂ ਨੂੰ ਮੌਕੇ ’ਤੇ ਦਿੱਤਾ ਜਾਵੇਗਾ ਵੱਖ-ਵੱਖ ਵਿਭਾਗਾਂ ਦੀਆਂ ਸੁਵਿਧਾਵਾਂ ਦਾ ਲਾਭ, ਕੈਂਪ ਨੂੰ ਸਫ਼ਲ ਬਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਅਪਰਾਜਿਤਾ ਜੋਸ਼ੀ

 

ਹੁਸ਼ਿਆਰਪੁਰ: 13 ਨਵੰਬਰ ਨੂੰ ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ’ਚ ਲੱਗਣ ਵਾਲੇ ਲੀਗਲ ਮੈਗਾ ਸਰਵਿਸ ਕੈਂਪ ਨੂੰ ਸਫ਼ਲ ਬਨਾਉਣ ਸਬੰਧੀ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਕੈਂਪ ਸਥਾਨ ’ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗਾਂ ਦੀਆਂ ਯੋਜਨਾਵਾਂ ਦਾ ਲਾਭ ਦੇਣ ਸਬੰਧੀ ਤੈਅ ਸਮੇਂ ਵਿਚ ਆਪਣੇ ਪ੍ਰਤੀਨਿੱਧੀਆਂ ਨਾਲ ਪਹੁੰਚਣਾ ਯਕੀਨੀ ਬਨਾਉਣ ਤਾਂ ਜੋ ਲਾਭਪਾਤਰੀਆਂ ਨੂੰ ਸਬੰਧਤ ਯੋਜਨਾਵਾਂ ਦਾ ਮੌਕੇ ’ਤੇ ਲਾਭ ਦਿੱਤਾ ਜਾ ਸਕੇ। 

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਪਹੁੰਚਾਉਣ ਤੇ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਉਪਲਬੱਧ ਕਰਵਾਉਣ ਲਈ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵਲੋਂ ਲੀਗਲ ਸਰਵਿਸਜ਼ ਮੈਗਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗੇਗਾ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਆਂਗ), ਬਿਜਲੀ ਵਿਭਾਗ ਨਾਲ ਜੁੜੇ ਕੰਮ, ਕੋਵਿਡ ਬਚਾਅ ਸਬੰਧੀ ਟੀਕਾਕਰਨ ਤੇ ਟੈਸਟਿੰਗ, ਸਿਹਤ ਵਿਭਾਗ ਦੇ ਸਪੈਸ਼ਲਿਸਟ ਡਾਕਟਰਾਂ ਵਲੋਂ ਮਰੀਜਾਂ ਦਾ ਚੈਕਅਪ, ਬੈਂਕਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ, ਕਿਰਤ ਵਿਭਾਗ, ਵੋਟਰ ਕਾਰਡ ਬਨਾਉਣ, ਪੈਂਡਿੰਗ ਇੰਤਕਾਲ ਦੇ ਕੇਸ, ਨਗਰ ਨਿਗਮ ਨਾਲ ਸਬੰਧਤ ਕੰਮਾਂ ਤੋਂ ਇਲਾਵਾ ਹੋਰ ਕਈ ਵਿਭਾਗਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਯੋਗ ਵਿਅਕਤੀਆ ਨੁੰ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੈਂਪ ਨੂੰ ਸਫ਼ਲ ਬਨਾਉਣ ਲਈ ਕੋਈ ਕਮੀ ਨਾ ਛੱਡੀ ਜਾਵੇ। 

ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਨਿਰਦੇਸ਼ਾਂ ’ਤੇ ਨਾਲਸਾ, ਨਵੀਂ ਦਿੱਲੀ ਵਲੋਂ ਚਲਾਏ ਜਾ ਰਹੇ ਪੈਨ ਇੰਡੀਆ ਜਾਗਰੂਕਤਾ ਤੇ ਆਊਟਰੀਚ ਪ੍ਰੋਗਰਾਮ (2 ਅਕਤੂਬਰ-14 ਨਵੰਬਰ) ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਬੰਧੀ ਲਗਾਤਾਰ ਪੂਰੇ ਜ਼ਿਲ੍ਹੇ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਸਬੰਧੀ ਅਭਿਆਨ ਚਲਾਇਆ ਗਿਆ ਹੈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ-ਵੱਖ ਵਿਭਾਗਾਂ ਰਾਹੀਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਵੱਧ ਤੋਂ ਵੱਧ ਇਸ ਲੀਗਲ ਸਰਵਿਸ ਮੈਗਾ ਕੈਂਪ ਦਾ ਫਾਇਦਾ ਲੈਣ ਲਈ ਕਿਹਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓ. ਦੇ ਮੁਖੀ ਵੀ ਮੌਜੂਦ ਸਨ। 

 

Related posts

Leave a Reply