ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਲਿਖਤੀ ਪ੍ਰੀਖਿਆ ਦੀ ਤਰੀਕ ਐਲਾਨੀ


ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਲਿਖਤੀ ਪ੍ਰੀਖਿਆ ਦੀ ਤਰੀਕ ਐਲਾਨੀ
ਚੰਡੀਗੜ੍ਹ, 7 ਮਾਰਚ

ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ (ਆਰ.ਆਈ.ਐਮ.ਸੀ.), ਦੇਹਰਾਦੂਨ ਦੇ ਜਨਵਰੀ, 2022 ਦੇ ਦਾਖਲੇ ਲਈ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ 5 ਜੂਨ, 2021 (ਸ਼ਨੀਵਾਰ) ਨੂੰ ਹੋਵੇਗਾ।
ਇਹ ਪ੍ਰਗਟਾਵਾ ਕਰਦਿਆਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁਕੰਮਲ ਅਰਜ਼ੀਆਂ (ਦੋ ਪਰਤਾਂ ਵਿੱਚ) 15 ਅਪ੍ਰੈਲ, 2021 ਤੱਕ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਪੰਜਾਬ ਸੈਨਿਕ ਭਵਨ ਸੈਕਟਰ 21 ਡੀ, ਚੰਡੀਗੜ੍ਹ ਵਿਖੇ ਪੁੱਜ ਜਾਣੀਆਂ ਚਾਹੀਦੀਆਂ ਹਨ। 15 ਅਪ੍ਰੈਲ, 2021 ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਸਿਰਫ ਲੜਕੇ ਅਪਲਾਈ ਕਰ ਸਕਦੇ ਹਨ। ਉੁਮੀਦਵਾਰ ਦੀ ਜਨਮ ਮਿਤੀ 01 ਜਨਵਰੀ, 2009 ਤੋਂ 01 ਜੁਲਾਈ, 2010 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿਚ ਪੜ੍ਹਦਾ ਹੋਵੇ ਜਾਂ 7ਵੀਂ ਪਾਸ ਹੋਵੇ। ਚੁਣੇ ਹੋਏ ਉਮੀਦਵਾਰ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਤਿਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਦੀ ਜ਼ੁਬਾਨੀ ਪ੍ਰੀਖਿਆ ਮਿਤੀ 06 ਅਕਤੂਬਰ, 2021 (ਮੰਗਲਵਾਰ) ਨੂੰ ਹੋਣਾ ਮਿਥਿਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਿਨੈ ਪੱਤਰ, ਪ੍ਰਾਸਪੈਕਟਸ ਅਤੇ ਪੁਰਾਣੇ ਪ੍ਰਸ਼ਨ ਪੱਤਰ ਸੈੱਟ ਕਮਾਂਡੈਂਟ ਆਰ.ਆਈ.ਐਮ.ਸੀ. ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600/- ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555/- ਰੁਪਏ ਦਾ ਬੈਂਕ ਡਰਾਫਟ ਕਮਾਂਡੈਂਟ ਆਰ.ਆਈ.ਐਮ.ਸੀ. ਦੇਹਰਾਦੂਨ ਸਟੇਟ ਬੈਂਕ ਆਫ ਇੰਡੀਆ, ਤੇਲ ਭਵਨ ਕੋਡ (01576) ਦੇਹਰਾਦੂਨ ਭੇਜ ਕੇ ਮੰਗਵਾਏ ਜਾ ਸਕਦੇ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਪ੍ਰਾਸਪੈਕਟ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in ਉਤੇ ਜਨਰਲ ਉਮੀਦਵਾਰ ਲਈ 600/- ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555/- ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਨੁਸੂਚਿਤ/ਅਨੁਸੂਚਿਤ ਜਨਜਾਤੀਆਂ ਦੇ ਉਮੀਦਵਾਰਾਂ ਨੂੰ ਜਾਤੀ ਸਰਟੀਫਿਕੇਟ ਨਾਲ ਭੇਜਣਾ ਜਰੂਰੀ ਹੈ। ਅਰਜੀ ਦੋ ਪਰਤਾਂ ਵਿੱਚ ਹੋਵੇ ਜਿਸ ਦੇ ਨਾਲ ਪੰਜ ਪਾਸਪੋਰਟ ਸਾਈਜ਼ ਫੋਟੋ, ਜਿਸ ਸੰਸਥਾ ਵਿੱਚ ਪੜ੍ਹਦਾ ਹੋਵੇ, ਦੁਆਰਾ ਤਸਦੀਕਸ਼ੁਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫਿਕੇਟ ਅਤੇ ਜਿੱਥੇ ਬੱਚਾ ਪੜ੍ਹਾਈ ਕਰ ਰਿਹਾ ਹੋਵੇ, ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਦੀ ਤਰੀਕ ਅਤੇ ਕਲਾਸ ਲਿਖੀ ਹੋਵੇ, ਨਾਲ ਨੱਥੀ ਹੋਣੇ ਜ਼ਰੂਰੀ ਹਨ।

Related posts

Leave a Reply