LATEST: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਦਿੱਤੇ ਜਵਾਬ

ਇਕਜੁਟਤਾ ਨਾਲ ਹੀ ਕਰੋਨਾ ਨੂੰ ਹਰਾਇਆ ਜਾ ਸਕਦੈ : ਡਿਪਟੀ ਕਮਿਸ਼ਨਰ
-ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਦਿੱਤੇ ਜਵਾਬ
ਹੁਸ਼ਿਆਰਪੁਰ, 13 ਅਗਸਤ (ਆਦੇਸ਼ ) :
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਇਕਜੁਟਤਾ ਦਿਖਾਉਣ ਤਾਂ ਜੋ ਕੋਵਿਡ-19 ਨੂੰ ਜਲਦ ਹੀ ਹਰਾਇਆ ਜਾ ਸਕੇ। ਉਹ ਬੁੱਧਵਾਰ ਸ਼ਾਮ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਹੁਸ਼ਿਆਰਪੁਰ ਦੇ ਫੇਸਬੁੱਕ ਪੇਜ ਤੇ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਤੋਂ ਘਬਰਾਉਣ ਨਾ ਬਲਕਿ ਸਾਵਧਾਨੀਆਂ ਅਪਨਾ ਕੇ ਡੱਟ ਕੇ ਇਸ ਦਾ ਸਾਹਮਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਲੱਛਣ ਆਉਣ ਤੇ ਕੋਵਿਡ -19 ਸਬੰਧੀ ਆਪਣਾ ਟੈਸਟ ਜ਼ਰੂਰ ਕਰਵਾਉਣ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਸਬੰਧੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਦੇ ਨਿਰਦੇਸ਼ਾਂ ਤੇ ਜ਼ਿਲ੍ਹੇ ਵਿੱਚ ਪੰਜ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਉਹ ਜ਼ੋਨ ਹਨ, ਜਿਥੇ ਕੋਵਿਡ-19 ਨਾਲ ਸਬੰਧਤ ਪੰਜ ਜਾਂ ਇਸ ਤੋਂ ਵੱਧ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਹਨ ਅਤੇ ਸੀਲ ਕਰਨ ਦੇ ਤਿੰਨ ਦਿਨ ਦੇ ਅੰਦਰ ਪੂਰੇ ਜ਼ੋਨ ਦੇ ਲੋਕਾਂ ਦਾ ਕੋਵਿਡ-19 ਸਬੰਧੀ ਟੈਸਟ ਕਰਵਾਇਆ ਜਾਂਦਾ ਹੈ ਤਾਂ ਜੋ ਇਸ ਵਾਇਰਸ ਕਮਿਊਨਿਟੀ ਟਰਾਂਸਮਿਸ਼ਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਟੇਨਮੈਂਟ ਜ਼ੋਨ ਅਤੇ ਹੋਰ ਖੇਤਰਾਂ ਵਿੱਚ ਵੀ ਸਿਹਤ ਵਿਭਾਗ ਦੇ ਕਰਮਚਾਰੀ ਟੈਸਟ ਲੈਣ ਆਉਣ ਤਾਂ ਉਨ੍ਹਾਂ ਨੂੰ ਸਹਿਯੋਗ ਕੀਤਾ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਟੈਸਟ ਕਰਨੇ ਜਾ ਰਹੀ ਸਿਹਤ ਟੀਮ ਨੂੰ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਆਪਣਾ ਟੈਸਟ ਕਰਵਾਉਣ ਵਿੱਚ ਆਨਾਕਾਨੀ ਕਰ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਆਪਣੀ ਅਤੇ ਦੂਸਰਿਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਟੈਸਟ ਲਈ ਸਿਹਤ ਟੀਮ ਨੂੰ ਸਹਿਯੋਗ ਨਹੀਂ ਕਰੇਗਾ, ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਕੁਝ ਕੇਸ ਵਧੇ ਹਨ, ਜਿਸ ਨਾਲ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜ਼ਿਲ੍ਹੇ ਵਿੱਚ ਟੈਸਟਿੰਗ ਨੂੰ ਵਧਾਇਆ ਗਿਆ ਹੈ, ਪਹਿਲਾ ਰੋਜ਼ਾਨਾ 500 ਦੇ ਕਰੀਬ ਟੈਸਟਿੰਗ ਹੁੰਦੀ ਸੀ, ਜਿਸ ਨੂੰ ਹੁਣ ਵਧਾਇਆ ਗਿਆ ਹੈ ਅਤੇ ਰੋਜ਼ਾਨਾ ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ, ਜਿਸ ਨਾਲ ਕੇਸ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਜੋ ਕੋਵਿਡ ਪੋਜ਼ੀਟਿਵ ਕੇਸ ਆ ਰਹੇ ਹਨ, ਉਸ ਵਿੱਚ ਵਧੇਰੇ ਕੇਸ ਲੱਛਣਾਂ ਵਾਲੇ ਹਨ ਜੋ ਕਿ ਇਕ ਹਫ਼ਤੇ ਦੇ ਅੰਦਰ ਹੀ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਵਾਇਰਸ ਦਾ ਡਰ ਹੈ, ਉਥੇ ਟੈਸਟਿੰਗ ਨੂੰ ਵਧਾਇਆ ਜਾ ਰਿਹਾ ਹੈ। ਜਿਸ ਵਿੱਚ ਮੰਡੀਆਂ ਵਿੱਚ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਵਿਭਾਗ ਅਤੇ ਹੋਰ ਖੇਤਰਾਂ ਵਿੱਚ ਕਰਮਚਾਰੀਆਂ ਦੀ ਸੈਪਲਿੰਗ ਕੀਤੀ ਜਾਵੇਗੀ।  
ਇਸ ਦੌਰਾਨ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਕੋਵਿਡ-19 ਸਬੰਧੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਤੋਂ ਜੋ ਟੈਸਟ ਸਰਕਾਰੀ ਹਸਪਤਾਲ ਵਿੱਚ ਟੈਸਟ ਲਈ ਆਉਂਦੇ ਹਨ, ਉਸ ਲਈ ਸਰਕਾਰ ਵਲੋਂ 1500 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਵੀ ਰੋਜ਼ਗਾਰ ਵਿਭਾਗ ਵਲੋਂ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਲਈ ਰੋਜ਼ਗਾਰ ਦੇ ਇਛੁੱਕ ਲੋਕ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਆਪਣਾ ਨਾਮ ਰਜਿਸਟਰਡ ਕਰਵਾਉਣ। ਮਾਈਕ੍ਰੋ ਕੰਟੇਨਮੈਂਟ ਜ਼ੋਨ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਹਰ ਤਰ੍ਹਾਂ ਦੀ ਕਮਰਸ਼ਿਅਲ ਗਤੀਵਿਧੀਆਂ ਤੇ ਰੋਕ ਹੁੰਦੀ ਹੈ। ਐਤਵਾਰ ਨੂੰ ਦੁਕਾਨ ਖੋਲ੍ਹਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਤਵਾਰ ਨੂੰ ਕੇਵਲ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਜਿਸ ਵਿੱਚ ਕਰਿਆਨਾ ਤੇ ਮੈਡੀਕਲ ਸਟੋਰ ਸ਼ਾਮਲ ਹਨ, ਸਿਰਫ ਉਹੀ ਖੁੱਲ੍ਹ ਸਕਦੀਆਂ ਹਨ। ਇਸ ਤੋਂ ਇਲਾਵਾ ਐਤਵਾਰ ਨੂੰ ਹੋਟਲ ਤੇ ਰੈਸਟੋਰੈਂਟ ਵੀ ਬੰਦ ਰਹਿੰਦੇ ਹਨ।

Related posts

Leave a Reply