ਬਲਾਕ ਪਠਾਨਕੋਟ ਨੂੰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਜਾਗਰੁਕਤਾ ਮੁਹਿੰਮ ਸ਼ੁਰੂ

(ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਪਿੰਡ ਮਿਰਜ਼ਾਪੁਰ ,ਐਮਾਂਗੁਜਰਾਂ,ਝਾਕੋਲਾੜੀ ਅਤੇ ਬਾਵਿਆਂਲਾਹੜੀ ਵਿਖੀ ਪਰਾਲੀ ਨਾਂ ਸਾੜਣ ਬਾਰੇ ਜਾਣਕਾਰੀ ਦਿੰਦਿਆਂ ਖੇਤੀ ਮਾਹਿਰ)

ਕੋਵਿਡ -19 ਦੇ ਚੱਲਦਿਆਂ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਈ ਜਾਵੇ: ਡਾ.ਅਮਰੀਕ

ਪਠਾਨਕੋਟ,27 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਬਲਾਕ ਪਠਾਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਗਰਾਮ ਪੰਚਾਇਤਾਂ ਵੱਲੋਂ ਮਤੇ ਪਵਾਏ ਜਾ ਰਹੇ ਹਨ ਜਿਸ ਵਿੱਚ ਗਰਾਮ ਪੰਚਾਇਤਾਂ  ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਅੱਜ ਪਿੰਡ ਮਿਰਜ਼ਾਪੁਰ ,ਐਮਾਂਗੁਜਰਾਂ, ਝਾਕੋਲਾੜੀ ਅਤੇ ਬਾਵਿਆਂਲਾਹੜੀ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਮਤੇ ਪਾਏ ਗਏ। ਇਸ ਬਾਰੇ ਪਿੰਡ ਮਿਰਜ਼ਾਪੁਰ ਵਿਖੇ ਸਰਪੰਚ ਜੱਸੀ ਦੇ ਗ੍ਰਹਿ ਵਿਖੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ,ਪਸ਼ੂਆਂ  ਦੀ ਸਿਹਤ ਅਤੇ ਚੌਗਿਰਤੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਈਆ ਜ਼ਹਿਰੀਲੀਆ ਗੈਸਾਂ ਬੱਚਿਆਂ,ਬਜੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀਆਂ ਹਨ।

ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨਾਲ ਅੱਖਾਂ ਦਾ ਜਲਣਾ,ਨੱਕ ਵਿੱਚ ਜਲਣ,ਗਲੇ ਵਿੱਚ ਜਲਣ,ਚਮੜੀ ਦੇ ਰੋਗ,ਛਾਤੀ ਦਾ ਜਕੜਣ ਆਦਿ ਅਜਿਹੇ ਰੋਗ ਹਨ ਜੋ ਹਵਾ ਦੇ ਪ੍ਰਦੂਸ਼ਣ ਵਧਣ ਨਾਲ ਵਧਦੇ ਹਨ। ਉਨਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਤਕਰੀਬਨ 200 ਲੱਖ ਟਨ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਸਾੜਣ ਦੀ ਬਿਜਾਏ ਖੇਤ ਵਿੱਚ ਹੀ ਤਵੀਆਂ ਨਾਲ ਵਾਹ ਦੇਣਾ ਚਾਹੀਦਾ। ਉਨਾਂ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਕਟਰ ਕਮ ਸ਼ਰੈਡਰ ਜਾਂ ਚੌਪਰ ਨਾਲ ਰਹਿੰਦ ਖੂੰਹਦ ਨੂੰ ਖੇਤ ਵਿੱਚ ਇੱਕਸਾਰ ਖਿਲਾਰ ਕੇ ਪੀ ਏ ਯੂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਖੇਤ ਨੂੰ ਬਗੈਰ ਵਾਹੇ ਕੀਤੀ ਜਾ ਸਕਦੀ ਹੈ।

ਡਾ. ਮਨਦੀਪ ਕੌਰ ਨੇ ਦੱਸਿਆ ਕਿ ਪਿੰਡਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਪਹਿਲੇ ਪੜਾਅ ਵਿੱਚ ਗ੍ਰਾਮ ਪੰਚਾਇਤਾਂ ਕੋਲੋਂ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਮਤੇ ਪਵਾਏ ਜਾ ਰਹੇ ਹਨ ਅਤੇ 10 ਅਕਤੂਬਰ ਤੱਕ ਬਲਾਕ ਪਠਾਨਕੋਟ (ਸਮੇਤ ਘਰੋਟਾ ਬਲਾਕ)ਦੀਆਂ ਸਮੂਹ ਗ੍ਰਾਮ ਪੰਚਾਇਤਾਂ ਕੋਲੋਂ ਮਤੇ ਪਵਾਏ ਜਾਣਗੇ।ਉਨਾਂ ਕਿਹਾ ਕਿ ਬਲਾਕ ਘਰੋਟਾ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸ਼ੰਯਮ ਅਗਰਵਾਲ ਵੱਲੋਂ ਨਿਗਰਾਨ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰੇਕ ਟੀਮ ਦਾ  ਇੰਚਾਰਜ ਕਲੱਸਟਰ ਇੰਚਾਰਜ ਹੋਵੇਗਾ ਅਤੇ 3-6 ਪਿੰਡਾਂ ਪਿੱਛੇ ਇੱਕ ਨੋਡਲ ਅਫਸਰ ਹੋਵੇਗਾ।

ਇਸ ਮੌਕੇ ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਸੁਖਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਸੁਭਾਸ਼ ਕੁਮਾਰ,ਜੀਵਨ ਲਾਲ, ਰਣਜੀਤ ਸਿੰਘ ਸਮੇਤ ਹੋਰ ਮੈਂਬਰ ਪੰਚਾਇਤ ਅਤੇ ਕਿਸਾਨ ਹਾਜ਼ਰ ਸਨ। ਪਿੰਡ ਮਿਰਜ਼ਾਪੁਰ ਦੇ ਸਰਪੰਚ ਜੱਸੀ ਨੇ ਵਿਸ਼ਵਾਸ਼ ਦਵਾਇਆ ਕਿ ਜ਼ਿਲਾ ਪਠਾਨਕੋਟ ਨੂੰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਜ਼ਿਲਾ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਣ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਕੀਤਾ ਜਾਵੇਗਾ।

Related posts

Leave a Reply