ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਨਵੀਂ ਪਹਿਲ


ਕੋਰੋਨਾ ਕਾਲ ਦੌਰਾਨ ਲੋਕਾਂ ਨਾਲ ਆਨ-ਲਾਈਨ ਮੀਟਿੰਗਾਂ ਕਰਕੇ ਕੀਤਾ ਜਾ ਰਿਹਾ ਮੁਸ਼ਕਲਾਂ ਦਾ ਹੱਲ


ਬਟਾਲਾ ਸ਼ਹਿਰ ਵਾਸੀਆਂ ਨਾਲ ਹਰ ਐਤਵਾਰ ਦਿਨੇ 11 ਵਜੇ ਕੀਤੀ ਜਾਂਦੀ ਹੈ ਮੀਟਿੰਗ


ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਦੱਸਣ ਲਈ ਨਵਾਂ ਪਲੇਟਫਾਰਮ ਮਿਲਿਆ


ਬਟਾਲਾ, 20 ਸਤੰਬਰ ( ਸੰਜੀਵ ,ਅਵਿਨਾਸ ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਬਟਾਲਾ ਸ਼ਹਿਰ ਦੀਆਂ ਮੁਸ਼ਕਲਾਂ ਸੁਣਨ ਲਈ ਸ਼ੁਰੂ ਕੀਤਾ ਗਿਆ ਆਨ-ਲਾਈਨ ਮੀਟਿੰਗਾਂ ਦਾ ਸਿਲਸਲਾ ਬਟਾਲਵੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਅੱਜ ਹੋਈ ਆਨ-ਲਾਈਨ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ, ਸੜਕਾਂ ਦੀ ਮੁਰੰਮਤ, ਕੋਵਿਡ-19 ਟੈਸਟਿੰਗ, ਡੇਂਗੂ ਦੀ ਰੋਕਥਾਮ, ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਅਤੇ ਸ਼ਹਿਰ ਦੀਆਂ ਹੋਰ ਸਮੱਸਿਆਂ ਦੇ ਹੱਲ ਉੱਪਰ ਵਿਚਾਰ ਕੀਤੀ ਗਈ।


ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਬਟਾਲਾ ਵਾਸੀਆਂ ਸਮੇਤ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਆਉਣ ’ਤੇ ਆਪਣਾ ਟੈਸਟ ਜਰੂਰ ਕਰਾਉਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟ ਕਰਾਉਣ ਨਾਲ ਕੋਰੋਨਾ ਵਾਇਰਸ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਅਤੇ ਇਸ ਬਿਮਾਰੀ ਦੇ ਪਸਾਰ ਨੂੰ ਵੀ ਰੋਕਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਗਰੀਬ ਜਾਂ ਲੋੜਵੰਦ ਵਿਅਕਤੀ ਕੋਰੋਨਾ ਪਾਜ਼ਟਿਵ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਮੁਫ਼ਤ ਆਕਸੀਮੀਟਰ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੋਰੋਨਾ ਪਾਜਟਿਵ ਲੋੜਵੰਦ ਵਿਅਕਤੀ ਨੂੰ ਜੇਕਰ ਅਨਾਜ਼ ਦੀ ਲੋੜ ਹੋਵੇ ਤਾਂ ਉਸ ਨੂੰ ਅਨਾਜ਼ ਵੀ ਮੁਹੱਈਆ ਕਰਵਾਇਆ ਜਾਵੇ।


ਸ਼ਹਿਰ ਦੀ ਸਫ਼ਾਈ ਲਈ ਬਟਾਲਾ ਸ਼ਹਿਰ ਨੂੰ 8 ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਅਧਿਕਾਰੀਆਂ ਨੂੰ ਅਬਜ਼ਰਵਰ ਲਗਾਇਆ ਗਿਆ ਹੈ। ਇਹ ਅਧਿਕਾਰੀ ਹਰ ਸੋਮਵਾਰ ਤੇ ਸ਼ੁਕਰਵਾਰ ਨੂੰ ਆਪਣੇ ਇਲਾਕੇ ਵਿੱਚ ਜਾ ਕੇ ਲੋਕਾਂ ਦੀ ਫੀਡਬੈਕ ਲੈਂਦੇ ਹਨ ਅਤੇ ਮੌਕੇ ਦੇ ਹਾਲਾਤ ਦੇਖਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਅਧਿਕਾਰੀਆਂ ਕੋਲੋਂ ਹਰ ਹਫ਼ਤੇ ਰਿਪੋਰਟ ਲਈ ਜਾਂਦੀ ਹੈ। ਉਨ੍ਹਾਂ ਸਮੂਹ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨ ਤਾਂ ਜੋ ਨਿਗਮ ਦੇ ਸਫ਼ਾਈ ਕਰਮਚਾਰੀ ਡੋਰ-ਟੂ-ਡੋਰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਲਿਜਾ ਸਕਣ। ਮੀਟਿੰਗ ਦੌਰਾਨ ਸ਼ਹਿਰ ਦੀ ਸਫ਼ਾਈ ਸਬੰਧੀ ਹੋਰ ਵੀ ਮੁੱਦੇ ਵਿਚਾਰੇ ਗਏ।


ਮੀਟਿੰਗ ਦੌਰਾਨ ਬਟਾਲਾ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਬਾਰੇ ਵੀ ਸ਼ਹਿਰ ਵਾਸੀਆਂ ਗੱਲ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਅਮੁਰਤ ਯੋਜਨਾ ਤਹਿਤ ਸੀਵਰੇਜ਼ ਅਤੇ ਜਲ ਸਪਲਾਈ ਉਪਰ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ।


ਬਟਾਲਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਬਾਰੇ ਵੀ ਕੁਝ ਸ਼ਹਿਰੀਆਂ ਨੇ ਕੁਝ ਮਸਲੇ ਉਠਾਏ। ਸਵਾਲਾਂ ਦੇ ਜੁਆਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਰਹਿੰਦੀਆਂ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੇਂਟ ਫਰਾਂਸਿਸ ਸਕੂਲ ਨੇੜੇ ਪੁੱਲ ਬਣ ਕੇ ਤਿਆਰ ਹੋ ਗਿਆ ਹੈ ਅਤੇ ਹੁਣ ਜਲੰਧਰ ਰੋਡ ਵਾਲੇ ਪੁੱਲ ਦੀ ਉਸਾਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਬਟਾਲਾ ਸ਼ਹਿਰ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਐਤਵਾਰ ਦਿਨੇ 11 ਵਜੇ ਇਹ ਆਨ-ਲਾਈਨ ਮੀਟਿੰਗ ਕੀਤੀ ਜਾਵੇਗੀ।


ਮੀਟਿੰਗ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਐਕਸੀਅਨ ਸੀਵਰੇਜ ਬੋਰਡ ਪੰਕਜ, ਇੰਦਰ ਸੇਖੜੀ, ਅਰਵਿੰਦ ਰਾਣੂ ਸੇਖੜੀ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਸ਼ਹਿਰ ਵਾਸੀਆਂ ਨੇ ਭਾਗ ਲਿਆ।

Related posts

Leave a Reply