ਬਾਗਬਾਨੀ ਵਿਭਾਗ ਨੇ ਮਧੂ ਮੱਖੀ ਪਾਲਕਾਂ ਨੂੰ ਸਲਾਹ ਜਾਰੀ ਕੀਤੀ
ਬਟਾਲਾ, 15 ਫਰਵਰੀ ( ਅਵਿਨਾਸ਼, ਸੰਜੀਵ )- ਬਾਗਬਾਨੀ ਵਿਭਾਗ ਨੇ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ। ਬਟਾਲਾ ਦੇ ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਧ ਫ਼ਰਵਰੀ ਤੱਕ ਸਰਦੀ ਕਾਫੀ ਘੱਟ ਜਾਂਦੀ ਹੈ ਅਤੇ ਇਸ ਮਹੀਨੇ ਸਰੋਂ ਜਾਤੀ ਅਤੇ ਸਫ਼ੈਦੇ ਦਾ ਫੁੱਲ-ਫੁਲਾਕਾ ਕਾਫ਼ੀ ਮਿਲਦਾ ਹੈ। ਇਸਤੋਂ ਇਲਾਵਾ ਆੜੂ ਅਤੇ ਨਾਸ਼ਪਾਤੀ ਵੀ ਫੁੱਲਾਂ ਤੇ ਹੁੰਦੇ ਹਨ। ਬਾਗਬਾਨੀ ਅਫ਼ਸਰ ਨੇ ਕਿਹਾ ਕਿ ਫਰਵਰੀ ਦਾ ਮਹੀਨਾ ਸ਼ਹਿਦ ਮੱਖੀ ਕਟੁੰਬਾਂ ਦੇ ਵਧਾਰੇ ਲਈ ਅਤੇ ਸ਼ਹਿਦ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਬਹੁਤ ਹੀ ਸੁਖਾਵਾਂ ਅਤੇ ਢੁਕਵਾਂ ਹੈ। ਉਨਾਂ ਕਿਹਾ ਕਿ ਅੱਧ ਫ਼ਰਵਰੀ ਤੋਂ ਬਾਅਦ ਸਰਦੀ ਦੀ ਪੈਕਿੰਗ ਕੱਢ ਦਿਉ ਅਤੇ ਹਾਈਵ ਦੀ ਸਫ਼ਾਈ ਕਰੋ। ਉਨਾਂ ਕਿਹਾ ਕਿ ਕਿਸੇ ਨਿੱਘੇ ਦਿਨ ਦੁਪਹਿਰ ਵੇਲੇ ਕਟੁੰਬਾਂ ਦਾ ਨਿਰੀਖਣ ਕਰਕੇ ਖ਼ੁਰਾਕ, ਬਰੂਡ ਦੀ ਹੋਂਦ ਅਤੇ ਸਮੱਸਿਆ ਅਤੇ ਰਾਣੀ ਮੱਖੀ ਦੀ ਕਾਰ-ਗੁਜ਼ਾਰੀ ਸਬੰਧੀ ਨਰੀਖਣ ਕਰਨਾ ਚਾਹੀਦਾ ਹੈ ਅਤੇ ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਰਾਣੀ ਵਾਲੇ ਕਟੁੰਬਾਂ ਨਾਲ ਜੋੜ ਦੇਣਾ ਚਾਹੀਦਾ ਹੈ।
ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੋੜ ਹੋਵੇ ਤਾਂ ਖੰਡ ਦੇ ਘੋਲ ਦੀ ਉਤਸ਼ਾਹਕ ਖ਼ੁਰਾਕ (ਖੰਡ : ਪਾਣੀ= 1 : 2) ਦਿਉ। ਤਰਜੀਹ ਦੇ ਆਧਾਰ ਤੇ ਇਹ ਖੁਰਾਕ ਬਣੇ ਹੋਏ ਛੱਤਿਆਂ ਵਿੱਚ ਦਿਉ, ਵਰਨਾ ਇਹ ਖੁਰਾਕ ਡਵੀਜ਼ਨ-ਬੋਰਡ ਫੀਡਰ ਵਿੱਚ ਦਿਓ। ਰਾਣੀ ਮੱਖੀ ਦੀ ਅੰਡੇ ਦੇਣ ਅਤੇ ਕਾਮਾ ਮੱਖੀਆਂ ਦੇ ਕੰਮ ਦੀ ਰਫ਼ਤਾਰ ਮੁਤਾਬਿਕ ਹੋਰ ਬਣੇ-ਬਣਾਏ ਛੱਤੇ ਜਾਂ ਕਾਮਾ ਬਰੂਡ ਸੈਲਾਂ ਦੇ ਪਿ੍ਰੰਟ ਵਾਲੀਆਂ ਮੋਮੀ ਸ਼ੀਟਾਂ ਲਾ ਕੇ ਫ਼ਰੇਮਾਂ ਦਿਉ। ਉਨਾਂ ਕਿਹਾ ਕਿ ਲੋੜ ਅਨੁਸਾਰ ਕਟੁੰਬਾਂ ਨੂੰ ਸੁਪਰ ਚੈਂਬਰ ਦਿਉ ਜਿਸ ਵਿੱਚ ਨਵੀਆਂ ਫਰੇਮਾਂ ਤੇ ਸ਼ਹਿਦ ਮੱਖੀਆਂ ਦੀ ਕਾਰਗੁਜ਼ਾਰੀ ਨੂੰ ਉਤਸਾਹਿਤ ਕਰਨ ਲਈ ਸ਼ਹਿਦ ਵਾਲੇ ਛੱਤੇ ਵੀ ਨਾਲ ਦਿਉ। ਉਨਾਂ ਕਿਹਾ ਕਿ ਸ਼ਹਿਦ ਮੱਖੀ ਫਾਰਮਾਂ ਦੇ ਸਾਰੇ ਕਟੁੰਬਾਂ ਨੂੰ ਪਰਾਗ ਅਤੇ ਸ਼ਹਿਦ, ਬਰੂਡ ਅਤੇ ਬਲਤਾ ਦੇ ਆਧਾਰ ਤੇ ਢੁਕਵੀਆਂ ਵਿਧੀਆਂ ਦੁਆਰਾ ਆਪਸ ਵਿੱਚ ਬਰਾਬਰ ਕਰੋ। ਬਰੂਡ ਨੂੰ ਬਾਹਰੀ ਪਰਜੀਵੀ ਚਿਚੜੀ (ਟਰੋਪੀਲੀਲੈਪਸ ਕਲੇਰੀ) ਦੇ ਹਮਲੇ ਤੋਂ ਬਚਾਉਣ ਲਈ ਛੱਤਿਆਂ ਦੇ ਉੱਪਰਲੇ ਡੰਡਿਆਂ ਉੱਪਰ ਸਲਫ਼ਰ ਦਾ ਧੂੜਾ ਇਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਢੁਕਵੇਂ ਬਦਲਾਅ ਦੇ ਤੌਰ ਤੇ ਫਾਰਮਿਕ ਐਸਿਡ (85%) 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿਚੜੀ ਦੀ ਰੋਕਥਾਮ ਲਈ ਵੀ ਫ਼ਾਇਦੇਮੰਦ ਹੈ ਪਰ ਇਸ ਨੂੰ ਨੈਕਟਰ ਦੀ ਆਮਦ ਸਮੇਂ ਨਾ ਵਰਤੋ। ਵਰੋਆ ਚਿੱਚੜੀ ਦਾ ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿੱਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਵਿਚ ਫਸਾ ਕੇ ਇਨਾਂ ਨੂੰ ਨਸ਼ਟ ਕਰਨਾ, ਮਹੀਨ ਪੀਸੀ ਖੰਡ ਮੱਖੀਆਂ ਉੱਪਰ ਧੂੜਨਾ, ਬੌਟਮ ਬੋਰਡ ਉੱਤੇ ਚਿਪਕਣ ਵਾਲਾ ਕਾਗਜ਼ (ਸਟਿੱਕਰ) ਰੱਖਣਾ ਅਤੇ ਜਾਲੀਦਾਰ ਬੌਟਮ ਬੋਰਡ ਵਰਤਣਾ, ਆਦਿ ਗੈਰ ਰਸਾਇਣਕ ਤਰੀਕੇ ਇਸ ਚਿੱਚੜੀ ਦੀ ਰੋਕਥਾਮ ਵਾਸਤੇ ਸਹਾਈ ਹੁੰਦੇ ਹਨ। ਔਗਜੈਲਿਕ ਤੇਜਾਬ (60 ਪ੍ਰਤੀਸ਼ਤ ਖੰਡ ਅਤੇ ਪਾਣੀ ਦੇ ਘੋਲ ਵਿੱਚ 4.2 ਪ੍ਰਤੀਸ਼ਤ ਔਗਜੈਲਿਕ ਤੇਜਾਬ ਦਾ ਘੋਲ) ਦਾ 5 ਮਿ.ਲਿ. ਪ੍ਰਤੀ ਛੱਤੇ ਦ ੇ ਹਿਸਾਬ ਨਾਲ ਛੱਤਿਆਂ ਉੱਪਰ ਛਿੜਕਾਅ ਜਾਂ ਇਹੀ ਮਾਤਰਾ ਦੋ ਛੱਤਿਆਂ ਵਿਚਕਾਰ ਸਰਿੰਜ ਨਾਲ ਦੇਰ ਸ਼ਾਮ ਨੂੰ ਹਫਤੇ-ਹਫਤੇ ਦੇ ਵਕਫੇ ਤੇ ਤਿੰਨ ਵਾਰ ਪਾਉਣਾ ਇਸ ਚਿੱਚੜੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ।
ਬਾਗਬਾਨੀ ਅਫ਼ਸਰ ਨੇ ਬਰੂਡ ਬੀਮਾਰੀਆਂ ਬਾਰੇ ਮੱਧੂ ਮੱਖੀ ਪਾਲਕਾਂ ਨੂੰ ਸੁਚੇਤ ਕੀਤਾ ਹੈ। ਉਨਾਂ ਕਿਹਾ ਕਿ ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਵੇ। ਐਂਟੀਬਾਇਟਿਕਾਂ ਦੀ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ। ਫ਼ਰਵਰੀ ਅੰਤ ਵਿੱਚ, ਪੁਰਾਣੀਆਂ ਰਾਣੀਆਂ ਤਬਦੀਲ ਕਰਨ ਲਈ ਜਾਂ ਕਟੁੰਬਾਂ ਦੀ ਵੰਡ ਲਈ (ਗਿਣਤੀ ਵਧਾਉਣ ਲਈ) ਜਾਂ ਕਟੁੰਬਾਂ ਨੂੰ ਵੇਚਣ ਲਈ ਲੋੜੀਂਦੀਆਂ ਜ਼ਿਆਦਾ ਰਾਣੀ ਮੱਖੀਆਂ ਤਿਆਰ ਕਰਨ ਵਾਸਤੇ ਕਟੁੰਬਾਂ ਦੀ ਤਿਆਰੀ ਸ਼ੁਰੂ ਕੀਤੀ ਜਾ ਸਕਦੀ ਹੈ। ਰਾਣੀ ਮੱਖੀਆਂ ਤਿਆਰ ਕਰਨ ਲਈ ਤਰਜ਼ੀਹ ਦੇ ਤੋਰ ਤੇ ਵਧੇਰੇ ਸਮਕਾਲੀ ਰਾਣੀਆਂ ਤਿਆਰ ਕਰਨ ਦੀ ਡੂਲਿਟਲ ਤਕਨੀਕ ਅਪਣਾਓ ਅਤੇ ਗ੍ਰਾਫਿਟਿੰਗ ਲਈ ਕਾਮਾਂ ਸੁੰਡੀਆਂ ਚੌਣਵੇਂ ਮਿਆਰੀ ਬਰੀਡਰ ਕਟੁੰਬਾਂ ਤੋਂ ਹੀ ਲਵੋ। ਕਟੁੰਬਾਂ ਦੇ ਸਵਾਰਮ ਤੋਂ ਰੋਕਥਾਮ ਲਈ ਯੋਗ ਉਪਰਾਲੇ ਕਰੋ। ਉਨਾਂ ਕਿਹਾ ਕਿ ਜਿਨਾਂ ਪ੍ਰਵਾਸੀ ਸ਼ਹਿਦ-ਮੱਖੀ ਪਾਲਕਾਂ ਨੇ ਆਪਣੇ ਮੱਖੀ ਫਾਰਮ ਸਰੋਂ/ਰਾਇਆ ਤੇ ਲਾਏ ਹੋਣ, ਉਹ ਪੱਕਿਆ ਸ਼ਹਿਦ ਕੱਢ ਸਕਦੇ ਹਨ। ਇਸ ਤੋਂ ਬਾਅਦ ਸ਼ਹਿਦ ਮੱਖੀ ਕਟੁੰਬਾਂ ਦੀ ਸਫ਼ੈਦੇ ਤੋਂ ਸ਼ਹਿਦ ਲੈਣ ਲਈ ਹਿਜ਼ਰਤ ਦੀ ਤਿਆਰੀ ਕਰੋ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp