ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ, ਪੁਲਿਸ ਨੂੰ ਦੋ-ਚਾਰ ਦਿਨਾਂ ’ਚ ਚਲਾਨ ਪੇਸ਼ ਕਰਨ ਦੀ ਹਦਾਇਤ ਅਜਿਹੇ ਘਿਨੌਣੇ ਅਤੇ ਦਿਲ-ਕੰਬਾਊ ਮਾਮਲਿਆਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ : ਮਨੀਸ਼ਾ ਗੁਲਾਟੀ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ, ਪੁਲਿਸ ਨੂੰ ਦੋ-ਚਾਰ ਦਿਨਾਂ ’ਚ ਚਲਾਨ ਪੇਸ਼ ਕਰਨ ਦੀ ਹਦਾਇਤ
ਅਜਿਹੇ ਘਿਨੌਣੇ ਅਤੇ ਦਿਲ-ਕੰਬਾਊ ਮਾਮਲਿਆਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ : ਮਨੀਸ਼ਾ ਗੁਲਾਟੀ
ਪੀੜਤ ਪਰਿਵਾਰ ਨੂੰ ਜਲਦ ਨਿਆਂ ਦੁਆਉਣ ਲਈ ਕਮਿਸ਼ਨ ਅਦਾਲਤ ਨੂੰ ਫਾਸਟ ਟਰੈਕ ’ਤੇ ਸੁਣਵਾਈ ਲਈ ਕਰੇਗਾ ਦਰਖਾਸਤ
ਪੁਲਿਸ ਵਲੋਂ ਜਲਦ ਹੀ ਹੋਵੇਗਾ ਚਲਾਨ ਪੇਸ਼ : ਨਵਜੋਤ ਸਿੰਘ ਮਾਹਲ

ਟਾਂਡਾ (ਹੁਸ਼ਿਆਰਪੁਰ), 23 ਅਕਤੂਬਰ:(Choudhary, Yogesh, P.K.)
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਪਿੰਡ ਜਲਾਲਪੁਰ ਵਿੱਚ 6 ਸਾਲਾ ਬੱਚੀ ਨਾਲ ਵਾਪਰੀ ਘਟਨਾ ’ਤੇ ਪੀੜਤ ਪਰਿਵਾਰ ਨਾਲ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਦਿਆਂ ਆਉਂਦੇ ਕੁਝ ਦਿਨਾਂ ਦੇ ਅੰਦਰ-ਅੰਦਰ ਚਾਲਾਨ ਅਦਾਲਤ ਵਿੱਚ ਪੇਸ਼ ਕਰੇ ਤਾਂ ਜੋ ਦੋਸ਼ੀਆਂ ਨੂੰ ਮਿਸਾਲੀਆ ਸਜ਼ਾ ਯਕੀਨੀ ਬਣਾਈ ਜਾ ਸਕੇ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਹੌਲਨਾਕ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੁਆਉਣ ਲਈ ਅਦਾਲਤ ਨੂੰ ਦਰਖਾਸਤ ਕੀਤੀ ਜਾਵੇਗੀ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਮਿਸ਼ਨ ਅਤੇ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੇ ਨਾਲ-ਨਾਲ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਪੀੜਤ ਮਾਪਿਆਂ ਦੀਆਂ ਬਾਕੀਆਂ ਬੱਚੀਆਂ ਦੀ ਮੁਫ਼ਤ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਜ਼ਿਲ੍ਹਾ ਪੁਲਿਸ ਵਲੋਂ ਘਟਨਾ ਤੋਂ ਤੁਰੰਤ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਤਫਤੀਸ਼ ਨੂੰ ਜੰਗੀ ਪੱਧਰ ’ਤੇ ਅਮਲ ਵਿੱਚ ਲਿਆਉਣ ਦੀ ਸ਼ਲਾਘਾ ਕਰਦਿਆਂ ਚੇਅਰਪਰਸਨ ਗੁਲਾਟੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ਉਤੇ ਕਲੰਕ ਹਨ ਜਿਨ੍ਹਾਂ ਦੇ ਜੜ੍ਹੋਂ ਖਾਤਮੇ ਲਈ ਸਾਰੇ ਤਬਕਿਆਂ ਨੂੰ ਇਕਮੁੱਠ ਹੋ ਕੇ ਬੱਚਿਆਂ ਨਾਲ ਹੁੰਦੇ ਘਿਨੌਣੇ ਅਤਿਆਚਾਰਾਂ ਖਿਲਾਫ਼ ਹੇਠਲੇ ਪੱਧਰ ਤੱਕ ਜਾਗਰੂਕਤਾ ਫੈਲਾਉਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਵਿਦਿਅਕ ਅਦਾਰਿਆਂ ਅਤੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬੇਝਿੱਜਕ ਅਜਿਹੀਆਂ ਸ਼ਰਮਨਾਕ ਅਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਤੋਂ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਚੰਗੇ-ਮਾੜੇ ਵਿੱਚ ਫਰਕ ਨੂੰ ਸਲੀਕੇ ਨਾਲ ਸਮਝਾਉਣ ਤਾਂ ਜੋ ਬੱਚੇ, ਜੇਕਰ ਉਨ੍ਹਾਂ ਨਾਲ ਕੋਈ ਸਰੀਰਕ ਛੇੜਛਾੜ ਕਰਦਾ ਹੈ ਤਾਂ ਉਸ ਖਿਲਾਫ਼ ਆਵਾਜ਼ ਬੁਲੰਦ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕ ਸਹਿਯੋਗ ਅਤੇ ਜਾਗਰੂਕਤਾ ਤੋਂ ਬਿਨ੍ਹਾਂ ਠੱਲੀਆਂ ਨਹੀਂ ਜਾ ਸਕਦੀਆਂ ਜਿਸ ਲਈ ਸਾਰਿਆਂ ਦਾ ਸਹਿਯੋਗ ਅਤਿ ਲੋੜੀਂਦਾ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ’ਤੇ ਅਸਹਿ ਤੇ ਅਕਹਿ ਦੁੱਖ ਦੀ ਘੜੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਪੂਰੀ ਬਾਰੀਕੀ ਅਤੇ ਗੰਭੀਰਤਾ ਨਾਲ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਜਿਸ ਨਾਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਅਤੇ ਮਿਸਾਲੀਆ ਸਜ਼ਾ ਦੁਆਉਣ ਲਈ ਰਾਹ ਪੱਧਰਾ ਹੋਵੇਗਾ।
ਦੋ-ਚਾਰ ਦਿਨਾਂ ’ਚ ਚਲਾਨ ਹੋਵੇਗਾ ਟੂ ਕੋਰਟ : ਨਵਜੋਤ ਸਿੰਘ ਮਾਹਲ
ਪੀੜਤ ਪਰਿਵਾਰ ਨਾਲ ਮੁਲਾਕਾਤ ਉਪਰੰਤ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਸਾਰੇ ਪੱਖਾਂ ਤੋਂ ਜਾਂਚ ਮੁਕੰਮਲ ਕੀਤੀ ਜਾ ਰਹੀ ਹੈ  ਜਿਸ ਉਪਰੰਤ ਆਉਂਦੇ ਦੋ-ਚਾਰ ਦਿਨਾਂ ਅੰਦਰ ਦੋਸ਼ੀਆਂ ਖਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਐਕਸ਼ਨ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਹੁਣ ਪੁਲਿਸ ਵਲੋਂ ਮਾਮਲੇ ਦੀ ਤੇਜ਼ੀ ਨਾਲ ਅਦਾਲਤੀ ਸੁਣਵਾਈ ਲਈ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਨਿਆਂ ਦੁਆਇਆ ਜਾ ਸਕੇ।

Related posts

Leave a Reply