Latest : ਡਾ. ਰਾਜ ਕੁਮਾਰ ਚੱਬੇਵਾਲ ਨੇ ਮੈਲੀ ਤੋਂ ਕਰਵਾਈ 56 ਨਾਗਰਿਕ ਸੇਵਾਵਾਂ ਦੀ ਸ਼ੁਰੂਆਤ

ਡਾ. ਰਾਜ ਕੁਮਾਰ ਚੱਬੇਵਾਲ ਨੇ ਮੈਲੀ ਤੋਂ ਕਰਵਾਈ 56 ਨਾਗਰਿਕ ਸੇਵਾਵਾਂ ਦੀ ਸ਼ੁਰੂਆਤ
ਮੁੱਖ ਮੰਤਰੀ ਵਲੋਂ ਵਰਚੂਅਲ ਸ਼ੁਰੂਆਤ ਦੇ ਪ੍ਰੋਗਰਾਮ ’ਚ ਕੀਤੀ ਸ਼ਿਰਕਤ
ਕਿਹਾ ਸੇਵਾ ਕੇਂਦਰਾਂ ’ਚ 327 ਸੇਵਾਵਾਂ ਮਿਲਣ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ

ਮੈਲੀ (ਹੁਸ਼ਿਆਰਪੁਰ) (Adesh, Karan ) :, 9 ਫਰਵਰੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੇਵਾ ਕੇਂਦਰਾਂ ਵਿਚਲੀਆਂ ਨਾਗਰਿਕ ਸੇਵਾਵਾਂ ਵਿੱਚ 56 ਸੇਵਾਵਾਂ ਹੋਰ ਵਧਾਉਣ ਦੀ ਅੱਜ ਕੀਤੀ ਸ਼ੁਰੂਆਤ ਉਪਰੰਤ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਮੈਲੀ ਦੇ ਸੇਵਾ ਕੇਂਦਰ ਤੋਂ ਵਰਚੂਅਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 327 ਸੇਵਾਵਾਂ ਮਿਲਣ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਹੋਵੇਗੀ। ਵਿਧਾਇਕ ਡਾ. ਚੱਬੇਵਾਲ ਨੇ ਵੱਖ-ਵੱਖ ਨਾਗਰਿਕ ਸੇਵਾਵਾਂ ਦੇ ਦਸਤਾਵੇਜ਼ ਵੀ ਬਿਨੈਕਾਰਾਂ ਨੂੰ ਸੌਂਪੇ।
ਡਾ. ਰਾਜ ਕੁਮਾਰ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਘਾਟੇ ਵਿੱਚ ਚੱਲ ਰਹੇ ਸੇਵਾ ਕੇਂਦਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਦੂਰਅੰਦੇਸ਼ ਸਦਕਾ ਫਾਇਦੇ ਵਿੱਚ ਲਿਆਉਣ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ਦੀ ਕਾਰਗੁਜਾਰੀ ਅਤੇ ਸਮਰੱਥਾ ਵਿੱਚ ਵੀ ਚੋਖਾ ਨਿਖਾਰ ਲਿਆ ਕੇ ਲੋਕਾਂ ਲਈ ਵੱਡੀ ਰਾਹਤ ਯਕੀਨੀ ਬਣਾਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚਲੇ ਸੇਵਾ ਕੇਂਦਰਾਂ ਵਿੱਚ ਹੁਣ 327 ਨਾਗਰਿਕ ਸੇਵਾਵਾਂ ਲੋਕਾਂ ਨੂੰ ਆਸਾਨ ਅਤੇ ਪਾਰਦਰਸ਼ੀ ਢੰਗ ’ਚ ਸਮਾਂਬੱਧ ਤਰੀਕੇ ਨਾਲ ਮਿਲਿਆ ਕਰਨਗੀਆਂ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ 170 ਸੇਵਾਵਾਂ ਨੂੰ ਮੌਜੂਦਾ ਸਰਕਾਰ ਵਲੋਂ ਵਧਾ ਕੇ 327 ਕਰ ਦਿੱਤਾ ਗਿਆ ਹੈ ਅਤੇ ਅਗਲੇ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਸੇਵਾਵਾਂ ਦੀ ਗਿਣਤੀ 500 ਤੱਕ ਲਿਜਾਣ ਦਾ ਫੈਸਲਾ ਵੱਡੇ ਪੱਧਰ ’ਤੇ ਲੋਕਾਂ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਇਹ ਸੇਵਾਵਾਂ ਇਕੋ ਛੱਤ ਹੇਠ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 516 ਸੇਵਾ ਕੇਂਦਰ ਕਾਰਜਸ਼ੀਲ ਹਨ ਜਿਥੇ ਰੋਜ਼ਾਨਾ 60 ਹਜ਼ਾਰ ਦੇ ਕਰੀਬ ਲੋਕਾਂ ਦੀ ਆਮਦ ਹੁੰਦੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

Related posts

Leave a Reply