Latest News :- ਗਣਤੰਤਰ ਦਿਵਸ ਮੌਕੇ ਕੈਪਟਨ ਸਰਕਾਰ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਤੋਹਫਾ, ਅਰੁਣਾ ਚੌਧਰੀ ਵੱਲੋਂ 23.44 ਕਰੋੜ ਰੁਪਏ ਦੇ ਕਈ ਪ੍ਰਾਜੈਕਟ ਦਾ ਐਲਾਨ

ਗਣਤੰਤਰ ਦਿਵਸ ਮੌਕੇ ਕੈਪਟਨ ਸਰਕਾਰ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਤੋਹਫਾ, ਅਰੁਣਾ ਚੌਧਰੀ ਵੱਲੋਂ 23.44 ਕਰੋੜ ਰੁਪਏ ਦੇ ਕਈ ਪ੍ਰਾਜੈਕਟ ਦਾ ਐਲਾਨ

ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਰੋਹ ਵਿੱਚ ਕੌਮੀ ਝੰਡਾ ਲਹਿਰਾਇਆ

ਜਲੰਧਰ, 26 ਜਨਵਰੀ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਜਲੰਧਰ ਵਾਸੀਆਂ ਨੂੰ 23.44 ਕਰੋੜ ਦਾ ਤੋਹਫਾ ਦਿੰਦੇ ਹੋਏ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਨੇ ਗਣਤੰਤਰ ਦਿਵਸ ਮੌਕੇ ਸ਼ਹਿਰ ਦੇ ਵਿਕਾਸ ਲਈ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ।

                ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਇਥੇ ਕੌਮੀ ਝੰਡੇ ਤਿਰੰਗੇ ਨੂੰ ਲਹਿਰਾਉਣ ਤੋਂ ਬਾਅਦ ਕੈਬਨਿਟ ਮੰਤਰੀ ਨੇ ਮੰਤਰੀ ਨੇ ਜ਼ਿਲ੍ਹੇ ਲਈ 80 ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ 21.34 ਕਰੋੜ ਰੁਪਏ ਦੀ ਲਾਗਤ ਨਾਲ 64 ਪਿੰਡਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਾਜੈਕਟ, 1.09 ਕਰੋੜ ਰੁਪਏ ਦੀ ਲਾਗਤ ਨਾਲ 14 ਪਿੰਡਾਂ ਵਿੱਚ ਗਲੀਆਂ, ਖੇਡ ਮੈਦਾਨ, ਪਾਰਕਾਂ ਅਤੇ ਸਟੇਡੀਅਮਾਂ ਦਾ ਨਿਰਮਾਣ ਅਤੇ ਪ੍ਰਤਾਪਪੁਰਾ ਮਾਰਕੀਟ ਵਿਚ 1.01 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਰਜ ਸ਼ਾਮਲ ਹਨ। ਇਸੇ ਤਰ੍ਹਾਂ ਉਨ੍ਹਾਂ ਸਰਕਾਰੀ ਮਿਡਲ ਸਕੂਲ ਖੁਸਰੋਪੁਰ ਨੂੰ ਸਮਾਰਟ ਸਕੂਲ ਵਜੋਂ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ।

                ਆਪਣੇ ਸੰਬੋਧਨ ਵਿੱਚ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣਗੇ । ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਤੋਂ ਇਲਾਵਾ ਇਹ ਪ੍ਰਾਜੈਕਟ ਜ਼ਿਲ੍ਹੇ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਵੱਡੀ ਭੂਮਿਕਾ ਅਦਾ ਕਰਨਗੇ।

                ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਵਿਸ਼ਾਲ ਯੋਗਦਾਨ ਦੀ ਯਾਦ ਦਿਵਾਉਂਦਿਆਂ ਕਿਹਾ 80 ਫੀਸਦੀ ਤੋਂ ਵੱਧ ਲੋਕ ਜਿਹੜੇ ਜਾਂ ਤਾਂ ਸ਼ਹੀਦ ਹੋ ਗਏ, ਜਾਂ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਾਂ ਸਾਰੀ ਜ਼ਿੰਦਗੀ ਉਮਰ ਕੈਦ ਕੱਟੀ, ਪੰਜਾਬੀ ਸਨ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਪੰਜਾਬੀ ਸੈਨਿਕਾਂ ਨੇ ਬਾਹਰੀ ਹਮਲੇ ਅਤੇ ਅੰਦਰੂਨੀ ਗੜਬੜ ਤੋਂ ਦੇਸ਼ ਦੀ ਅਖੰਡਤਾ ਦੀ ਹਮੇਸ਼ਾ ਰਾਖੀ ਕੀਤੀ । ਸਖਤ ਮਿਹਨਤੀ ਅਤੇ ਸਿਰੜੀ ਪੰਜਾਬੀ ਕਿਸਾਨਾਂ ਨੇ ਦੇਸ਼ ਦੇ ਕੁੱਲ ਖੇਤਰ ਦਾ 2.5% ਹਿੱਸਾ ਹੋਣ ਦੇ ਬਾਵਜੂਦ ਦੇਸ਼ ਨੂੰ ਅੰਨ ਉਤਪਾਦਨ ਵਿਚ ਆਤਮ ਨਿਰਭਰ ਬਣਾਇਆ । ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ ਅਤੇ ਰਿਸ਼ੀਆਂ ਦੀ ਧਰਤੀ ਹੈ ਅਤੇ ਸਾਨੂੰ ਪੰਜਾਬੀਆਂ ਨੂੰ ਆਪਣੇ ਮਹਾਨ ਗੁਰੂਆਂ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਤਮ-ਬਲਿਦਾਨ ਦੀ ਅਜੇਤੂ ਭਾਵਨਾ ਮਿਲੀ ਹੈ।

                ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਪਵਿੱਤਰ ਧਰਤੀ ‘ਤੇ ਬਹੁਤ ਮਾਣ ਹੈ, ਜਿਥੋਂ ਕੂਕਾ ਅੰਦੋਲਨ, ਪੱਗੜੀ ਸੰਭਾਲ, ਗਦਰ, ਗੁਰਦੁਆਰਾ ਸੁਧਾਰ, ਬੱਬਰ ਅਕਾਲੀ ਅਤੇ ਆਜ਼ਾਦੀ ਦੇ ਸੰਗਰਾਮ ਦੇ ਹੋਰ ਫੈਸਲਾਕੁੰਨ ਅੰਦੋਲਨਾਂ ਦੀ ਅਗਵਾਈ ਕੀਤੀ ਗਈ ।

                ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਮਾਜ ਦੇ ਸਾਰੇ ਵਰਗਾਂ ਖ਼ਾਸਕਰ ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।

 

                ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਰਾਜ ਵਿੱਚ ਮਹਿਲਾ ਮੁਖੀ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਇੱਕ ਉਪਰਾਲਾ ਹੈ। ਮਰਦਮਸ਼ੁਮਾਰੀ 2011 ਦੇ ਅਨੁਸਾਰ ਲਗਭਗ 7,96,030 ਘਰਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ ਅਤੇ ਇਸ ਨਵੀਂ ਨੀਤੀ ਦਾ ਉਦੇਸ਼ ਪੰਜਾਬ ਵਿਚ ਮਹਿਲਾ-ਮੁਖੀ ਪਰਿਵਾਰਾਂ (ਡਬਲਿਊ.ਐਚ.ਐਚ.) ਜਿੱਥੇ ਪਰਿਵਾਰ ਵਿੱਚ ਕਮਾਉਣ ਅਤੇ ਫੈਸਲੇ ਲੈਣ ਵਾਲੀ ਇਕੱਲੀ ਮਹਿਲਾ (ਬਾਲਗ) ਹੈ, ਦਾ ਸਸ਼ਕਤੀਕਰਨ ਕਰਨਾ ਹੈ।

                ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਮੋਦੀ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤਾ । ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਅਤੇ ਪੰਜਾਬੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਹਰ ਸੰਭਵ ਪਹਿਲ ਕੀਤੀ ਜਾ ਰਹੀ ਹੈ।

                ਇਸ ਤੋਂ ਪਹਿਲਾਂ ਮੰਤਰੀ ਨੇ ਆਈਪੀਐਸ ਜਯੋਤੀ ਯਾਦਵ ਦੀ ਅਗਵਾਈ ਵਾਲੀ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ, ਜਿਸ ਵਿਚ ਪੰਜਾਬ ਪੁਲਿਸ, ਹੋਮ ਗਾਰਡਜ਼, ਪੀਏਪੀ, ਪੁਲਿਸ ਬੈਂਡ, ਐਨਸੀਸੀ, ਭਾਰਤ ਸਕਾਊਟਸ ਅਤੇ ਗਾਈਡ ਦੀਆਂ ਟੁੱਕੜੀਆਂ ਸ਼ਾਮਲ ਸਨ।

                ਇਸ ਮੌਕੇ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਨਾਮਵਰ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ।

                ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਵਿਧਾਇਕ ਪਰਗਟ ਸਿੰਘ, ਰਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਅਵਤਾਰ ਸਿੰਘ ਬਾਵਾ ਹੈਨਰੀ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਜਸਬੀਰ ਸਿੰਘ, ਐਸਡੀਐਮ ਰਾਹੁਲ ਸਿੰਧੂ ਤੇ ਡਾ. ਜੈ ਇੰਦਰ ਸਿੰਘ ਅਤੇ ਹੋਰ ਮੌਜੂਦ ਸਨ।

Related posts

Leave a Reply