LATEST NEWS: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ 2021 ਦੀ ਆਮਦ ’ਤੇ ਵਧਾਈ, ਕਿਹਾ 2021 ’ਚ ਲੋਕ ਸ਼ਿਕਾਇਤਾਂ ਦਾ ਸਮਾਂਬੱਧ ਨਿਬੇੜਾ ਹੋਵੇਗੀ ਤਰਜੀਹ

ਸਾਲ 2020 ’ਚ ਸ਼ੁਰੂ ਹੋਏ ਪ੍ਰੋਜੈਕਟਾਂ ਨੂੰ ਨਵੇਂ ਵਰ੍ਹੇ ’ਚ ਮੁਕੰਮਲ ਕਰਾਉਣਾ ਮੁੱਖ ਟੀਚਾ : ਡਿਪਟੀ ਕਮਿਸ਼ਨਰ
ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ 2021 ਦੀ ਆਮਦ ’ਤੇ ਵਧਾਈ, ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਦੀ ਅਪੀਲ
2021 ’ਚ ਲੋਕ ਸ਼ਿਕਾਇਤਾਂ ਦਾ ਸਮਾਂਬੱਧ ਨਿਬੇੜਾ ਵੀ ਹੋਵੇਗੀ ਤਰਜੀਹ
ਸਮਾਰਟ ਵਿਲੇਜ ਕੰਪੇਨ ਅਤੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ 38.62 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਤੇ ਸ਼ਹਿਰਾਂ ’ਚ ਮੁਕੰਮਲ ਹੋਣਗੇ ਵਿਕਾਸ ਕਾਰਜ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 2020 ’ਚ 9000 ਤੋਂ ਵੱਧ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ, ਪੰਜਾਬ ’ਚ ਪਹਿਲੇ ਵਿਸ਼ੇਸ਼ ਕੈਂਪ ’ਚ 100 ਤੋਂ ਵੱਧ ਦਿਵਆਂਗ ਵਿਅਕਤੀਆਂ ਨੂੰ ਦਿਵਾਇਆ ਰੋਜ਼ਗਾਰ
ਡਰਾਈਵਰਾਂ ਨੂੰ ਰਿਫਰੈਸ਼ਰ ਕੋਰਸ ਲਈ ਹੁਣ ਨਹੀਂ ਜਾਣਾ ਪਵੇਗਾ ਮੁਕਤਸਰ, ਹੁਸ਼ਿਆਰਪੁਰ ਇੰਸਟੀਚਿਊਟ ਆਫ਼ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲ ਦੀ ਸ਼ੁਰੂਆਤ

ਹੁਸ਼ਿਆਰਪੁਰ, 31 ਦਸੰਬਰ (ਆਦੇਸ਼ ):
ਨਵੇਂ ਵਰ੍ਹੇ ਦੀ ਆਮਦ ’ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦਿਆਂ  ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਕਿਹਾ ਕਿ ਸਾਲ 2020 ਦੌਰਾਨ ਜ਼ਿਲ੍ਹੇ ਵਿੱਚ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਨੂੰ ਸ਼ੁਰੂ ਹੋਣ ਜਾ ਰਹੇ ਸਾਲ 2021 ਵਿੱਚ ਮੁਕੰਮਲ ਕਰਨਾ ਇਕ ਮੁੱਖ ਟੀਚਾ ਰਹੇਗਾ ਅਤੇ ਇਸ ਦੇ ਨਾਲ-ਨਾਲ ਲੋਕ ਸ਼ਿਕਾਇਤਾਂ ਦੇ ਸਮੇਂ ਸਿਰ ਨਿਬੇੜੇ ਨੂੰ ਪੂਰੀ ਤਰਜੀਹ ਦਿੱਤੀ ਜਾਵੇਗੀ।
ਸਾਲ 2020 ਨੂੰ ਅਲਵਿਦਾ ਆਖਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ-19 ਮਹਾਂਮਾਰੀ ਖਿਲਾਫ਼ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਪੂਰਨ ਤੌਰ ’ਤੇ ਕਾਮਯਾਬ ਕਰਨ ਲਈ ਜ਼ਿਲ੍ਹੇ ਦੇ ਸਮੂਹ ਵਸਨੀਕਾਂ, ਸਿਹਤ ਵਿਭਾਗ, ਸੈਨੀਟੇਸ਼ਨ ਵਰਕਰਾਂ, ਪੁਲਿਸ ਫੋਰਸ ਅਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ਼ ਫਤਿਹ ਸਾਰਿਆਂ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਸਦਕਾ ਹੀ ਸੰਭਵ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਆਉਂਦੇ ਸਾਲ ਵਿੱਚ ਵੀ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਵਿਡ ਨੂੰ ਫੈਲਣੋਂ ਰੋਕਿਆ ਜਾ ਸਕੇ।


  2021 ’ਚ ਸ਼ੁਰੂ ਹੋਣ ਜਾ ਰਹੇ ਕੋਵਿਡ ਦੀ ਰੋਕਥਾਮ ਲਈ ਟੀਕਾਕਰਨ ਸਬੰਧੀ  ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਥਾਨਕ ਸਿਵਲ ਹਸਪਤਾਲ ਵਿਚਲੇ ਖੇਤਰੀ ਵੈਕਸੀਨ ਸੈਂਟਰ ਵਿੱਚ ਵੈਕਸੀਨ ਦੇ ਰੱਖ-ਰਖਾਅ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਲਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਟੀਕਾਕਰਨ ਸਬੰਧੀ ਤਿਆਰ-ਬਰ-ਤਿਆਰ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰ ਸਟਾਫ਼, ਫਰੰਟ ਲਾਈਨ ਵਰਕਰਾਂ ਅਤੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2020 ਦੌਰਾਨ ਜ਼ਿਲ੍ਹੇ ਵਿੱਚ ਸਮਾਰਟ ਵਿਲੇਜ਼ ਕੰਪੇਨ ਅਤੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਸ਼ੁਰੂ ਕੀਤੇ ਵੱਖ-ਵੱਖ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀ ਨੁਹਾਰ ਬਦਲ ਜਾਵੇਗੀ।
ਲੰਘੇ ਵਰ੍ਹੇ 2020 ਦੌਰਾਨ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ 9000 ਤੋਂ ਵੱਧ ਪਲੇਸਮੈਂਟਾਂ ਕਰਵਾਉਣ ਅਤੇ 100 ਤੋਂ ਵੱਧ ਦਿਵਆਂਗਜਨਾਂ ਨੂੰ ਵਿਸ਼ੇਸ਼ ਕੈਂਪ ਰਾਹੀਂ ਰੋਜ਼ਗਾਰ ਦਿਵਾਉਣ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਪੰਜਾਬ ਭਰ ਵਿੱਚ ਲੇਬਰ ਪਲੇਸਮੈਂਟ ਦੇ ਖੇਤਰ ਵਿੱਚ ਮੋਹਰੀ ਰਿਹਾ ਹੈ। ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਤਹਿਤ ਦਿਵਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਵੱਖ-ਵੱਖ ਥਾਵਾਂ ’ਤੇ ਗਰਾਮ ਸੇਵਾ ਕੇਂਦਰ, ਕਾਰਪੇਂਟਰ, ਪੈਕਰ, ਮਸ਼ੀਨਮੈਨ, ਹੈਲਪਰ ਅਤੇ ਟੈਲੀਫੋਨ ਓਪਰੇਟਰ ਵਜੋਂ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
ਸਾਲ 2020 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕਰਵਾਏ ਗਏ ਅਹਿਮ ਪ੍ਰੋਜੈਕਟਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਸ਼ਿਆਰਪੁਰ ਇੰਸਟੀਚਿਊਟ ਆਫ਼ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲ ਦੀ ਸ਼ੁਰੂਆਤ ਨਾਲ ਕਮਰਸ਼ਿਅਲ ਵ੍ਹੀਕਲਾਂ ਦੇ ਡਰਾਈਵਰਾਂ ਨੂੰ ਨਵੇਂ ਡਰਾਈਵਿੰਗ ਲਾਇਸੰਸ ਬਨਾਉਣ ਅਤੇ ਰੀਨਿਊ ਕਰਵਾਉਣ ਵੇਲੇ ਰਿਫਰੈਸ਼ਰ ਕੋਰਸ ਲਈ ਮੁਕਤਸਰ ਨਹੀਂ ਜਾਣਾ ਪਵੇਗਾ ਸਗੋਂ ਇਥੇ ਹੀ ਇਹ ਕੋਰਸ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 50 ਹਜ਼ਾਰ ਤੋਂ ਵੱਧ ਲੋਕ ਡਰਾਈਵਰੀ ਕਿੱਤੇ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਇਸ ਕੰਮ ਲਈ ਕਾਫ਼ੀ ਦਿੱਕਤ ਪੇਸ਼ ਆਉਂਦੀ ਸੀ ਅਤੇ ਹੁਣ ਉਹ ਮਹਿਜ਼ 430 ਰੁਪਏ ਵਿੱਚ ਇਹ ਦੋ ਦਿਨ ਦਾ ਰਿਫਰੈਸ਼ਰ ਕੋਰਸ ਇਥੇ ਹੀ ਕਰ ਲੈਣਗੇ ਜਿਸ ਦੌਰਾਨ ਉਨ੍ਹਾਂ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਜ਼ਿਲਿ੍ਹਆਂ ਤੋਂ ਆਉਣ ਵਾਲੇ ਡਰਾਈਵਰਾਂ ਲਈ ਰਿਹਾਇਸ਼ ਦਾ ਪ੍ਰਬੰਧ ਨਗਰ ਨਿਗਮ ਦੇ ਰਹਿਣ ਬਸੇਰੇ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਕੰਪਲੈਕਸ, ਬਾਜ਼ਾਰ ਵਕੀਲਾਂ ਵਿੱਚ ਇਹ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਜਿਸ ਲਈ ਨਵੀਂ ਵੈਬਸਾਈਟ ‘hiads.in’ ਦੇ ਨਾਮ ’ਤੇ ਬਣਾਈ ਗਈ ਹੈ ਜਿਸ ਰਾਹੀਂ ਉਮੀਦਵਾਰ ਆਪਣੀ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਪੰਜਾਬ ਸਰਕਾਰ ਵਲੋਂ ਸਮਾਰਟ ਵਿਲੇਜ਼ ਕੰਪੇਨ ਤਹਿਤ ਜ਼ਿਲ੍ਹੇ ਵਿੱਚ 159 ਪਿੰਡਾਂ ਵਿੱਚ 20.62 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹਿੰਮ ਦੇ ਦੂਜੇ ਪੜਾਅ ਤਹਿਤ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਅੰਦਰ 201 ਵਿਕਾਸ ਕਾਰਜ ਮੁਕੰਮਲ ਕਰਵਾ ਕੇ ਮਿਸਾਲੀਆ, ਇਕਸਾਰ ਅਤੇ ਚਹੁੰਮੁਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਹੇਠ ਹੁਸ਼ਿਆਰਪੁਰ ਸ਼ਹਿਰ ਵਿੱਚ ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ 62 ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਸ਼ਹਿਰੀ ਖੇਤਰਾਂ ਦੀ ਦਿੱਖ ਵਿੱਚ ਵੱਡਾ ਨਿਖਾਰ ਆਵੇਗਾ।  

Related posts

Leave a Reply