Lates News :- ਜੂਨ ਦੇ ਅਖੀਰ ਤੱਕ ਮੁਕੰਮਲ ਹੋਵੇਗਾ ਸ੍ਰੀ ਖੁਰਾਲਗੜ ਸਾਹਿਬ ਪ੍ਰੋਜੈਕਟ, ਕੰਮ ਜੰਗੀ ਪੱਧਰ ’ਤੇ ਜਾਰੀ : ਅਪਨੀਤ ਰਿਆਤ

ਜੂਨ ਦੇ ਅਖੀਰ ਤੱਕ ਮੁਕੰਮਲ ਹੋਵੇਗਾ ਸ੍ਰੀ ਖੁਰਾਲਗੜ ਸਾਹਿਬ ਪ੍ਰੋਜੈਕਟ, ਕੰਮ ਜੰਗੀ ਪੱਧਰ ’ਤੇ ਜਾਰੀ : ਅਪਨੀਤ ਰਿਆਤ
ਇਤਿਹਾਸਕ ਸਥਾਨ ਨਾਲ ਜੁੜਦੀਆਂ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨ ਤੋਂ ਇਲਾਵਾ ਰਿਟੇਨਿੰਗ ਵਾਲ ਬਣਾਉਣ ਦੀ ਤਜਵੀਜ਼ ਤਿਆਰ
ਸਮਾਗਮਾਂ ਦੌਰਾਨ ਪੇਸ਼ ਆਉਂਦੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ
ਹੁਸ਼ਿਆਰਪੁਰ, 10 ਫਰਵਰੀ (ਆਦੇਸ਼, ਕਰਨ ਲਾਖਾ) :- ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਿਹਾ ਸ੍ਰੀ ਗੁਰੂ ਰਵਿਦਾਸ ਯਾਦਗਾਰ ਪ੍ਰਾਜੈਕਟ ਜੂਨ ਦੇ ਅਖੀਰ ਤੱਕ ਪੂਰਾ ਲਿਆ ਜਾਵੇਗਾ ਜਿਸ ਨੂੰ ਮੁਕੰਮਲ ਕਰਨ ਲਈ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੀ ਉਸਾਰੀ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਮੈਮੋਰੀਅਲ ਦੀ ਉਸਾਰੀ ਦੇ ਨਾਲ-ਨਾਲ ਇਤਿਹਾਸਕ ਇਮਾਰਤ ਨਾਲ ਸਬੰਧਤ ਹੋਰ ਲੋੜੀਂਦੇ ਕੰਮਾਂ ਲਈ ਤਜਵੀਜ਼ਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਇਹ ਕੰਮ ਵੀ ਜਲਦ ਤੋਂ ਜਲਦ ਨੇਪਰੇ ਚਾੜ੍ਹ ਕੇ ਇਸ ਇਤਿਹਾਸਕ ਸਥਾਨ ’ਤੇ ਆਉਂਦੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਅਪਨੀਤ ਰਿਆਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਖੁਰਾਲਗੜ ਪ੍ਰਾਜੈਕਟ ਨੂੰ ਲੈ ਕੇ ਉਚ ਤਾਕਤੀ ਕਮੇਟੀ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੌਰਾਨ ਇਹ ਪ੍ਰਾਜੈਕਟ 30 ਜੂਨ 2021 ਤੱਕ ਪੂਰਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦਾ ਲਗਭਗ 60 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ ਜਿਸ ’ਤੇ ਕਰੀਬ 59 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਮੀਟਿੰਗ ਦੌਰਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤਪ ਅਸਥਾਨ ਕਮੇਟੀ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਨੂੰ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਮਾਗਮਾਂ ਦੌਰਾਨ ਪੀਣ ਵਾਲੇ ਪਾਣੀ ਦੀ ਪੇਸ਼ ਆਉਂਦੀ ਕਿੱਲਤ ਦਾ ਵੀ ਜਲਦ ਹੱਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅਹੁਦੇਦਾਰਾਂ ਨੂੰ ਜਾਣੂ ਕਰਵਾਇਆ ਕਿ ਮੈਮੋਰੀਅਲ ਪ੍ਰਾਜੈਕਟ ਤੋਂ ਇਲਾਵਾ ਇਤਿਹਾਸਕ ਇਮਾਰਤ ਨਾਲ ਸਬੰਧਤ ਕੰਮਾਂ ਦੀਆਂ ਤਜਵੀਜ਼ਾਂ ਵੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਜਿਸ ਤਹਿਤ ਡੱਲੇਵਾਲ ਖੁਰਾਲੀ ਰੋਡ ਤੋਂ ਸ੍ਰੀ ਖੁਰਾਲਗੜ੍ਹ ਤੱਕ 4.15 ਕਿਲੋਮੀਟਰ ਲੰਬੀ ਸੜਕ ਅਤੇ ਖੁਰਾਲੀ ਤੋਂ ਚਰਨਛੋਹ ਗੰਗਾ ਵਾਇਆ ਬਸੀ (3.175 ਕਿਲੋਮੀਟਰ) ਨੂੰ ਮਜ਼ਬੂਤ ਅਤੇ ਚੌੜਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਇਨ੍ਹਾਂ ਸੜਕਾਂ ਦੀ ਚੌੜਾਈ 12 ਫੁੱਟ ਤੋਂ 18 ਫੁੱਟ ਕੀਤੀ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਗੁਰਦੁਆਰਾ ਸਾਹਿਬ ਵੱਲ ਜਾਂਦੇ ਰਸਤੇ ਤੋਂ ਲੰਘਦੀ ਖੱਡ ਉਪਰ ਪੈਂਦੇ ਕਾਜਵੇ ਨੂੰ ਸੁਰਖਿਅਤ ਰੱਖਣ ਲਈ ਰਿਟੇਨਿੰਗ ਵਾਲ ਅਤੇ ਵਾਇਰ ਕਰੇਟਸ ਦੀ ਵੀ ਤਜਵੀਜ਼ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਖੱਡ ਦੇ ਮੱਦੇਨਜ਼ਰ ਰਿਟੇਨਿੰਗ ਵਾਲ ਬਣਾਉਣ ਦੀ ਤਜਵੀਜ਼ ਹੈ ਤਾਂ ਜੋ ਕੰਪਲੈਕਸ ਵਿੱਚ ਬਣੀਆਂ ਹੋਰ ਬਿਲਡਿੰਗਾਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕੇ। ਅਪਨੀਤ ਰਿਆਤ ਨੇ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਣੀ ਟੂਰਿਜ਼ਮ ਬਿਲਡਿੰਗ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਲਈ ਕਰੀਬ 8.65 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਕੰਵਲ ਨੈਨ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤਪ ਅਸਥਾਨ ਕਮੇਟੀ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਚੇਅਰਮੈਨ ਕੁਲਵਰਨ ਸਿੰਘ, ਹੈਡ ਗ੍ਰੰਥੀ ਨਰੇਸ਼ ਸਿੰਘ, ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਗੁਰਮੁੱਖ ਸਿੰਘ ਬੁਡਹੇਲ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਘਮਣੇਵਾਲ, ਮੈਂਬਰ ਵਿੱਤ ਕਮੇਟੀ ਜਤਿੰਦਰ ਸਿੰਘ ਮਲਕਪੁਰ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਖਜ਼ਾਨਚੀ ਡਾ. ਹਰਭਜਨ ਸਿੰਘ ਆਦਿ ਵੀ ਮੌਜੂਦ ਸਨ।

Related posts

Leave a Reply