ਪੂਰਾ ਦੇਸ਼ ਹਥਿਆਬੰਦ ਸੈਨਾਵਾਂ ਦਾ ਹਮੇਸ਼ਾਂ ਦੇਣਦਾਰ: ਅਪਨੀਤ ਰਿਆਤ


ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਝੰਡਾ ਦਿਵਸ ਫੰਡ ਲਈ ਦਿਲ ਖੋਲ੍ਹ ਕੇ ਦਾਨ ਦੇਣ ਦੀ ਅਪੀਲ

ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨੋਲਜੀ ਦੇ ਵਿਦਿਆਰਥੀਆਂ ਦੀਆਂ ਟੀਮਾਂ ਝੰਡਾ ਫੰਡ ਇਕੱਤਰ ਕਰਨ ਲਈ ਰਵਾਨਾ
ਹੁਸ਼ਿਆਰਪੁਰ, 7 ਦਸੰਬਰ (ਆਦੇਸ਼ ):
ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਅੱਜ ਇਥੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਤੇ ਮਜ਼ਬੂਤ ਰੱਖਣ ਲਈ ਪੂਰਾ ਦੇਸ਼ ਹਥਿਆਰਬੰਦ ਸੈਨਾਵਾਂ ਦਾ ਹਮੇਸ਼ਾਂ ਦੇਣਦਾਰ ਹੈ ਜੋ ਦੇਸ਼ ਵਾਸੀਆਂ ਦੇ ਕੱਲ੍ਹ ਲਈ ਆਪਣਾ ਅੱਜ ਨਿਸ਼ਾਵਰ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੀਆਂ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੂਰਬੀਰ ਸੈਨਿਕਾਂ ’ਤੇ ਮਾਣ ਹੋਣਾ ਚਾਹੀਦਾ ਹੈ ਜਿਹੜੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਸਨੀਕ ਹੋਣ ਦੇ ਨਾਲ-ਨਾਲ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਇਕਜੁੱਟ ਹੋ ਕੇ ਦੇਸ਼ ਦੀ ਰਾਖੀ ਲਈ ਮਰ-ਮਿਟਣ ਨੂੰ ਤਿਆਰ ਰਹਿੰਦੇ ਹਨ।


ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨੋਲਜੀ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਝੰਡਾ ਫੰਡ ਇਕੱਤਰ ਕਰਨ ਲਈ ਰਵਾਨਾ ਕਰਨ ਤੋਂ ਪਹਿਲਾਂ ਡੀਨ ਅਕੈਡਮਿਕ ਪ੍ਰੋ: (ਡਾ.) ਪਰਮਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਝੰਡਾ ਟੋਕਨ ਲਗਾਇਆ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਫੰਡ ਲਈ ਦਿਲ ਖੋਲ੍ਹ ਕੇ ਦਾਨ ਦੇਣ ਜੋ ਬੇਵਕਤੇ ਸਮੇਂ ਵਿੱਚ ਫੌਜੀਆਂ, ਸਾਬਕਾ ਫੌਜੀਆਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਵੱਧ ਤੋਂ ਵੱਧ ਮਦਦ ਵਿੱਚ ਕੰਮ ਆ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਦੇ ਵੀ ਝੰਡਾ ਟੋਕਨ ਲਗਾਇਆ ਗਿਆ।
ਇਸ ਤੋਂ ਪਹਿਲਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਕੰਪਲੈਕਸ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਕਰਨਲ ਮਲੂਕ ਸਿੰਘ ਅਤੇ ਜ਼ਿਲ੍ਹੇ ਦੇ ਸਾਬਕਾ ਅਫ਼ਸਰ ਸਾਹਿਬਾਨ, ਜ਼ਿਲ੍ਹੇ ਦੀ ਸਾਬਕਾ ਸੈਨਿਕ ਐਸੋਸੀਏਸ਼ਨ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਕੇ ਕੀਤੀ ਗਈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਦੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਭੇਟ ਕਰਨ ਦਾ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਬਕਾ ਸੈਨਿਕ ਵਰਗ ਵਲੋਂ ਭਾਰੀ ਯੋਗਦਾਨ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 577 ਸ਼ਹੀਦ, 457 ਪੁਰਸਕਾਰ ਜੇਤੂ ਅਤੇ 60 ਹਜ਼ਾਰ ਕੇ ਕਰੀਬ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਗਿਣਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਲਈ 4 ਲੱਖ ਦੇ ਕਰੀਬ ਸਟਿੱਕਰ ਪੂਰੇ ਜ਼ਿਲ੍ਹੇ ਵਿੱਚ ਵੰੰਡੇ ਗਏ ਹਨ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਫ਼ੰਡ ਵਿੱਚ ਵੱਧ ਤੋਂ ਵਿੱਤੀ ਯੋਗਦਾਨ ਇਕੱਠਾ ਕਰਕੇ ਦੇਸ਼ ਦੇ ਸੈਨਿਕਾਂ, ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸੈਨਿਕਾਂ ਦੇ ਵਾਰਸਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਫ: ਜਨਰਲ ਜੇ.ਐਸ.ਢਿਲੋਂ, ਕਰਨਲ ਪੀ.ਐਸ. ਮਿਨਹਾਸ, ਕਰਨਲ ਗੁਰਚਰਨ ਸਿੰਘ, ਰਸ਼ਪਾਲ ਸਿੰਘ, ਰਾਜ ਕੁਮਾਰੀ, ਮਨਜੀਤ ਸਿੰਘ, ਸੂਬੇਦਾਰ ਮੇਜਰ ਹਰਬੰਸ ਸਿੰਘ, ਸੂਬੇਦਾਰ ਮੇਜਰ ਜਸਵਿੰਦਰ ਸਿੰਘ ਧਾਮੀ, ਗੁਰਮੀਤ ਸਿੰਘ, ਸੂਬੇਦਾਰ ਚੰਨਣ ਸਿੰਘ ਤੋਂ ਇਲਾਵਾ ਸਾਬਕਾ ਸੈਨਿਕ ਅਤੇ ਵੀਰ ਨਾਰੀਆਂ ਮੌਜੂਦ ਸਨ।
ਹਥਿਆਰਬੰਦ ਸੈਨਾ ਦਿਵਸ :
ਸ਼ਹੀਦਾਂ ਦੀ ਬਹਾਦਰੀ ਨੂੰ ਸਤਿਕਾਰ ਦੇਣ, ਸਾਬਕਾ ਸੈਨਿਕਾਂ ਨੂੰ ਮਾਣ-ਸਨਮਾਨ ਦੇਣ ਅਤੇ ਸੁਰੱਖਿਆ ਸੈਨਾਵਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਇਹ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸੁਰੱਖਿਆ ਸੈਨਾਵਾਂ ਵਲੋਂ ਦੇਸ਼ ਲਈ ਕੀਤੀਆਂ ਅਥਾਹ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਦਿਨ ਪੂਰਾ ਰਾਸ਼ਟਰ ਝੰਡਾ ਦਿਵਸ ਫੰਡ ਲਈ ਦਾਨ ਦੇ ਕੇ ਸੁਰੱਖਿਆ ਸੈਨਾਵਾਂ ਪ੍ਰਤੀ ਆਪਣੀ ਸਾਂਝ ਪ੍ਰਗਟਾਉਂਦਾ ਹੈ।



ਫੋਟੋ ਕੈਪਸ਼ਨ : – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਝੰਡਾ ਟੋਕਨ ਲਾਉਂਦੇ ਹੋਏ ਡਾ. ਪਰਮਿੰਦਰ ਕੌਰ, ਨਾਲ ਹਨ ਲੈਫ. ਜਨਰਲ ਜੇ.ਐਸ.ਢਿਲੋਂ ਅਤੇ ਕਰਨਲ ਮਲੂਕ ਸਿੰਘ ਤੇ ਹੋਰ

Related posts

Leave a Reply