Latest News :- ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਲਏ ਦੁੱਧ, ਦੁੱਧ ਤੋਂ ਬਨਣ ਵਾਲੇ ਪਦਾਰਥ, ਗੁੜ ਅਤੇ ਸ਼ੱਕਰ ਦੇ ਸੈਂਪਲ, ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਹਰ ਹਾਲ ਯਕੀਨੀ ਬਣਾਏ ਜਾਣਗੇ : ਡਾ. ਲਖਵੀਰ ਸਿੰਘ

ਜ਼ਿਲ੍ਹਾ ਸਿਹਤ ਅਫ਼ਸਰ ਨੇ ਲਏ ਦੁੱਧ, ਦੁੱਧ ਤੋਂ ਬਨਣ ਵਾਲੇ ਪਦਾਰਥ, ਗੁੜ ਅਤੇ ਸ਼ੱਕਰ ਦੇ ਸੈਂਪਲ
ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਹਰ ਹਾਲ ਯਕੀਨੀ ਬਣਾਏ ਜਾਣਗੇ : ਡਾ. ਲਖਵੀਰ ਸਿੰਘ
ਸੈਂਪਲ ਭੇਜੇ ਜਾਣਗੇ ਫੂਡ ਅਤੇ ਡਰੱਗ ਟੈਸਟਿੰਗ ਲੈਬੋਰਟਰੀ ਖਰੜ
ਹੁਸ਼ਿਆਰਪੁਰ, 21 ਜਨਵਰੀ (ਆਦੇਸ਼ , ਕਰਨ ਲਾਖਾ) :- ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਅੱਜ ਵੱਖ-ਵੱਖ ਥਾਈਂ ਜਾ ਕੇ ਦੁੱਧ, ਦੁੱਧ ਤੋਂ ਬਨਣ ਵਾਲੇ ਪਦਾਰਥ, ਗੁੜ ਅਤੇ ਸ਼ੱਕਰ ਦੇ 10 ਸੈਂਪਲ ਲਏ ਜੋ ਫੂਡ ਅਤੇ ਡਰੱਗ ਟੈਸਟਿੰਗ ਲੈਬੋਰਟਰੀ, ਖਰੜ ਨੂੰ ਭੇਜੇ ਜਾ ਰਹੇ ਹਨ।
ਅੱਜ ਲਏ ਗਏ ਸੈਂਪਲਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਦੇ ਮੈਂਬਰਾਂ ਸਮੇਤ ਪਿੰਡ ਅੱਜੋਵਾਲ ਸਥਿਤ ਵੇਰਕਾ ਮਿਲਕ ਪਲਾਂਟ ਅਤੇ ਹੁਸ਼ਿਆਰਪੁਰ-ਦਸੂਹਾ ਰੋਡ ਸਥਿਤ ਵੱਖ-ਵੱਖ ਵੇਲਣਿਆਂ ਤੋਂ ਸੈਂਪਲ ਲਏ ਗਏ।

ਉਨ੍ਹਾਂ ਦੱਸਿਆ ਕਿ ਟੀਮ ਵਲੋਂ ਵੇਰਕਾ ਮਿਲਕ ਪਲਾਂਟ ਤੋਂ 4 ਸੈਂਪਲ ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਦੇ ਲਏ ਗਏ ਹਨ ਜਦਕਿ ਦਸੂਹਾ ਰੋਡ ’ਤੇ ਸਥਿਤ ਵੇਲਣਿਆਂ ਤੋਂ 6 ਸੈਂਪਲ ਗੁੜ ਅਤੇ ਸ਼ੱਕਰ ਦੇ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ 3 ਹਫ਼ਤਿਆਂ ਤੱਕ ਆ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੈਂਪÇਲੰਗ ਦਾ ਮਕਸਦ ਲੋਕਾਂ ਵਿੱਚ ਕਿਸੇ ਕਿਸਮ ਦਾ ਸਹਿਮ ਪੈਦਾ ਕਰਨਾ ਨਹੀਂ ਸਗੋਂ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣ-ਪੀਣ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਇਕ ਲੋਕਾਂ ਵਲੋਂ ਮਿਲਾਵਟਖੋਰੀ ਕਰਨ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਸਗੋਂ ਸਾਫ-ਸੁਥਰੇ ਖਾਣ ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ।

ਜ਼ਿਲ੍ਹੇ ਅੰਦਰ ਖਾਣ-ਪੀਣ ਵਾਲੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ-2006 ਦੀ ਮੁਕੰਮਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਤਾਕੀਦ ਕਰਦਿਆਂ ਡਾ. ਲਖਵੀਰ ਸਿੰਘ ਨੇ ਖਾਣ-ਪੀਣ ਦੇ ਸਮਾਨ ਵਾਲੀਆਂ ਰੇਹੜ੍ਹੀਆਂ ਲਾਉਣ ਅਤੇ ਦੁਕਾਨਾਂ ਚਲਾਉਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਖਾਣ-ਪੀਣ ਵਾਲੇ ਪਦਾਰਥ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਿਹਤ ਸੰਕਟ ਅਤੇ ਲੋਕ ਹਿੱਤਾਂ ਦੇ ਮੱਦੇਨਜ਼ਰ ਸ਼ੁੱਧ ਅਤੇ ਮਿਆਰੀ ਖਾਣਾ ਲੋਕਾਂ ਤੱਕ ਪੁੱਜਦਾ ਕਰਨ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾ ਸਕੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਖਾਣ-ਪੀਣ ਵਾਲੀਆਂ ਦੁਕਾਨਾਂ, ਰੇਹੜ੍ਹੀਆਂ, ਢਾਬਿਆਂ, ਸਵੀਟ ਸ਼ਾਪਜ਼ ਆਦਿ ’ਤੇ ਲੋੜੀਂਦੀ ਸਾਫ-ਸਫਾਈ ਅਤਿਅੰਤ ਜ਼ਰੂਰੀ ਹੈ ਤਾਂ ਕਿ ਸਾਰਿਆਂ ਨੂੰ ਤੰਦਰੁਸਤ ਰੱਖਿਆ ਜਾ ਸਕੇ।

ਮਿਲਾਵਟਖੋਰੀ ਖਿਲਾਫ ਮੁਹਿੰਮ ਨੂੰ ਆਉਂਦੇ ਦਿਨਾਂ ’ਚ ਤੇਜ਼ ਕਰਨ ਦਾ ਸੰਕੇਤ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਨੇ ਲੋਕ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੇ ਸਾਥ ਤੋਂ ਬਿਨ੍ਹਾਂ ਇਹ ਮਿਸ਼ਨ ਕਾਮਯਾਬ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਅਫ਼ਸਰ ਨੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਮ ਵੇਲੇ ਫਾਸਟ ਫੂਡ ਦੀਆਂ ਰੇਹੜੀਆਂ ਲਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੀ ਰਜਿਸਟਰੇਸ਼ਨ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸ਼ੁੱਧ ਅਤੇ ਸਿਹਤਮੰਦ ਪਦਾਰਥ ਵੇਚਣ ਨੂੰ ਵੀ ਯਕੀਨੀ ਬਨਾਉਣ।
ਸੈਂਪਲ ਲੈਣ ਸਮੇਂ ਜ਼ਿਲ੍ਹਾ ਸਿਹਤ ਅਫ਼ਸਰ ਨਾਲ ਫੂਡ ਸੇਫਟੀ ਇੰਸਪੈਕਟਰ ਰਮਨ ਵਿਰਦੀ, ਹਰਦੀਪ ਸਿੰਘ, ਅਸ਼ੋਕ ਕੁਮਾਰ ਆਦਿ ਮੌਜੂਦ ਸਨ।

Related posts

Leave a Reply