ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ : ਡਾ. ਰਾਜ ਕੁਮਾਰ
6.60 ਕਿਲੋਮੀਟਰ ਲੰਬੀ ਸੜਕ ਹੋਵੇਗੀ 18 ਫੁੱਟ ਚੌੜੀ, ਲੋਕਾਂ ਦੀ ਆਵਾਜਾਈ ਹੋਵੇਗੀ ਹੋਰ ਸੁਖਾਲੀ
ਸੜਕ ਦਾ ਨਾਂ ਹੋਵੇਗਾ ਡਾ. ਸਤਿੰਦਰ ਸਰਤਾਜ ਮਾਰਗ
ਸੜਕਾਂ 10 ਫੁੱਟ ਤੋਂ 18 ਫੁੱਟ ਚੌੜੀਆਂ ਹੋਣ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ : ਡਾ. ਇਸ਼ਾਂਕ ਕੁਮਾਰ
ਹੁਸ਼ਿਆਰਪੁਰ, 18 ਮਾਰਚ (CDT NEWS) : ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਚੱਬੇਵਾਲ-ਬਜਰਾਵਰ-ਪੱਟੀ-ਸਸੋਲੀ ਤੋਂ ਸੀਣਾ ਲਿੰਕ ਰੋਡ ਨੂੰ ਬਣਾਉਣ ਅਤੇ ਚੌੜਾ ਕਰਨ ਦੇ ਕਾਰਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਤਹਿਤ ਕਈ ਪਿੰਡਾਂ ਨੂੰ ਜੋੜਨ ਵਾਲੀ ਇਹ ਸੜਕ ਆਉਂਦੇ ਸਮੇਂ ’ਚ 18 ਫੁੱਟ ਚੌੜੀ ਬਣੇਗੀ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਬਣਾਈ ਜਾਵੇਗੀ ਜਿਸ ਦੇ ਬਣਨ ਨਾਲ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਰੋਜ਼ਾਨਾ ਆਵਾਜਾਈ ਬਹੁਤ ਸੁਖਾਲੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਨਾਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵਿਸ਼ਵ ਦੇ ਵੱਖ-ਵੱਚ ਕੋਨਿਆਂ ’ਚ ਲਿਜਾਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਡਾ. ਸਤਿੰਦਰ ਸਰਤਾਜ ਦੇ ਨਾਮ ’ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਡਾ. ਸਤਿੰਦਰ ਸਰਤਾਜ ਮਾਰਗ ਦਾ ਕੰਮ ਜਲਦ ਸ਼ੁਰੂ ਕਰਦਿਆਂ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਵਾ ਕੇ ਪਿੰਡ ਬਜਰਾਵਰ ਦੀ ਪੰਚਾਇਤ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਦੇ ਮੱਦੇਨਜ਼ਰ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਨਾਲ ਤਾਲਮੇਲ ਰਾਹੀਂ ਪ੍ਰੋਜੈਕਟ ਨੂੰ ਮਨਜ਼ੂਰ ਕਰਵਾਉਣ, ਇਸ ਦਾ ਨਾਮ ਰੱਖਵਾਉਣ ਅਤੇ ਜਲਦ ਹੀ ਇਸ ਦਾ ਕੰਮ ਸ਼ੁਰੂ ਕਰਵਾਉਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ।
ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲਗਾਤਾਰ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਤਹਿਤ ਸੂਬੇ ਅੰਦਰ ਵੱਖ-ਵੱਖ ਪ੍ਰੋਜੈਕਟਾਂ ’ਤੇ ਜੰਗੀ ਪੱਧਰ ’ਤੇ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਚੱਬੇਵਾਲ ਵਿਚ ਹੁਸ਼ਿਆਰਪੁਰ-ਊਨਾ ਰੋਡ ’ਤੇ ਪਰਸੋਵਾਲ ਵਾਇਆ ਬਿਛੋਹੀ ਤੋਂ ਬਸੀ ਕਲਾਂ ਤੱਕ 5.63 ਕਿਲੋਮੀਟਰ ਲੰਬੀ ਸੜਕ ਦੇ 2.47 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ-ਫਗਵਾੜਾ ਰੋਡ ਤੋਂ ਪੁਰਹੀਰਾਂ-ਅਟੱਲਗੜ੍ਹ-ਮਹਿਮੋਵਾਲ-ਫਲਾਹੀ ਹਰਮੋਇਆ ਵਾਇਆ ਤਾਜੋਵਾਲ ਹੁੱਕੜਾਂ ਦੀ 13.06 ਕਿਲੋਮੀਟਰ ਸੜਕ ਨੂੰ 5.10 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਡਾ. ਰਾਜ ਕੁਮਾਰ ਨੇ ਦੱਸਿਆ ਕਿ ਮਾਹਿਲਪੁਰ ਤੋਂ ਝੰਜੋਵਾਲ ਵਾਇਆ ਕਹਾਰਪੁਰ 3.72 ਕਿਲੋਮੀਟਰ ਸੜਕ ਨੂੰ ਕਰੀਬ 2.31 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਣਾ ਹੈ ਜਿਸ ’ਤੇ ਪੱਥਰ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਲੁੱਕ ਪਾਉਣ ਦਾ ਕੰਮ ਸ਼ੁਰੂ ਕਰਵਾ ਕੇ ਇਸ ਪ੍ਰੋਜੈਕਟ ਨੂੰ ਵੀ ਮੁਕੰਮਲ ਕਰਵਾਇਆ ਜਾਵੇਗਾ। ਇਸ ਤਰ੍ਹਾਂ ਮਾਹਿਲਪੁਰ-ਜੇਜੋਂ ਰੋਡ-ਰਾਮਪੁਰ ਤੋਂ ਫਤਹਿਪੁਰ-ਕਾਂਗੜ ਕੋਠੀ-ਗੰਗੋਵਾਲ ਸੜਕ ਨੂੰ ਵੀ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ 6.47 ਕਿਲੋਮੀਟਰ ਲੰਬੀ ਇਸ ਸੜਕ ਨੂੰ ਕਰੀਬ 4.23 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਹੋਰ ਵੀ ਵਧੇਰੇ ਸਰਬਪੱਖੀ ਵਿਕਾਸ ਲਈ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਹਲਕੇ ਅੰਦਰ ਸੜਕਾਂ, ਵਿਦਿਅਕ ਅਦਾਰਿਆਂ ਅਤੇ ਸਿਹਤ ਸੰਸਥਾਵਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿਚ ਇਹ ਸੜਕਾਂ ਬਣਨ ਅਤੇ 10 ਫੁੱਟ ਤੋਂ 18 ਫੁੱਟ ਚੌੜੀਆਂ ਹੋ ਜਾਣ ਨਾਲ ਲੋਕਾਂ ਖਾਸਕਰ ਰੋਜ਼ਾਨਾ ਆਵਾਜਾਈ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ।
—

EDITOR
CANADIAN DOABA TIMES
Email: editor@doabatimes.com
Mob:. 98146-40032 whtsapp