ਰਾਜਿੰਦਰ ਪਰਦੇਸੀ ਅਤੇ ਪ੍ਰੋ, ਨਿਰੰਜਣ ਸਿੰਘ ਢੇਸੀ ਦਾ ਸਦੀਵੀ ਵਿਛੋੜਾ
ਚੰਡੀਗੜ੍ਹ : ਪੰਜਾਬੀ ਦੇ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕਰੋਨਾ ਦੀ ਚਪੇਟ ਵਿਚ ਆ ਗਏ ਸਨ। ਫਰਾਂਸ ਰਹਿੰਦੇ ਪ੍ਰਸਿੱਧ ਕਾਰਟੂਨਿਸਟ ਤਜਿੰਦਰ ਮਨਚੰਦਾ (ਪੁੱਤਰ) ਦੇ ਹੱਥਾਂ ਵਿਚ ਕੱਲ ਉਨ੍ਹਾਂ ਜਲੰਧਰ ਵਿਖੇ ਆਖਰੀ ਸਾਹ ਲਏ। ੳੇੁਹ ਸਾਹਿਤ, ਕਲਾ ਅਤੇ ਸਭਿਆਚਾਰ ਮੰਚ, ਜਲੰਧਰ ਦੇ ਪ੍ਰਧਾਨ ਸਨ।
ਉਨ੍ਹਾਂ ਦੇ ਰਚੇ ਪੰਜ ਗ਼ਜ਼ਲ ਸੰਗ੍ਰਹਿ ‘ਅੱਖਰ ਅੱਖਰ ਤਨਹਾਈ’, ‘ਉਦਰੇਵੇਂ ਦੀ ਬੁੱਕਲ’, ‘ਵਿੱਥ’, ‘ਗੀਤ ਕਰਨ ਅਰਜੋਈ’ ਅਤੇ ਗੂੰਗੀ ਰੁੱਤ ਦੀ ਪੀੜ੍ਹ’ ਪੰਜਾਬੀ ਸਾਹਿਤ ਜਗਤ ਵਿਚ ਬੜੇ ਮਕਬੂਲ ਹੋਏ। ਉਨ੍ਹਾਂ ਦੀਆਂ ਗ਼ਜ਼ਲਾਂ ਸਾਬਰ ਕੋਟੀ ਅਤੇ ਕਈ ਹੋਰ ਗਾਇਕਾਂ ਨੇ ਗਾਈਆਂ ਅਤੇ ਰਿਕਾਰਡ ਕਰਾਈਆਂ।
ਪ੍ਰੋ, ਨਿਰੰਜਣ ਸਿੰਘ ਢੇਸੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਹ ਗੁਰੂ ਗ੍ਰੰਥ ਸਾਹਿਬ ਸਟੱਡੀ ਸੈਂਟਰ, ਲਾਇਲਪੁਰ ਖਾਲਸਾ ਕਾਲਜ ਦੇ ਬਾਨੀ ਮੁਖੀ ਅਤੇ ਲਾਇਲਪੁਰ ਖਾਲਸਾ ਕਾਲਜ ਦੇ (ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ) ਦੇ ਸਾਬਕਾ ਮੁਖੀ ਸਨ। ਉਨ੍ਹਾਂ 1988 ਵਿਚ ਕੁਲਵੰਤ ਸਿੰਘ ਵਿਰਕ ਯਾਦਗਾਰੀ ਸਨਮਾਨ ਸ਼ੁਰੂ ਕੀਤਾ ਤੇ ਵਡਮੁੱਲੇ ਉਦਮ ਕਰਕੇ ਹਰ ਸਾਲ ਕੌਮੀ ਸੈਮੀਨਾਰ ਕਰਾਏ।ਉਹ ਸਿੱਖ ਇਤਿਹਾਸ ਅਤੇ ਫਲਸਫੇ ਦੇ ਮਾਹਿਰ ਸਨ। ਉਨ੍ਹਾਂ ਪਿਛਲੇ 15 ਕੁ ਸਾਲਾਂ ਤੋਂ ਅਮਰੀਕਾ ਵਿਚ ਰਹਿ ਕੇ ਗ਼ਦਰੀ ਬਾਬਿਆਂ, ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਗੌਲਣਯੋਗ ਕੰਮ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ-ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਅਤੇ ਪ੍ਰੋ, ਨਿਰੰਜਣ ਸਿੰਘ ਢੇਸੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕੇਂਦਰੀ ਸਭਾ ਦੀ ਸਮੁੱਚੀ ਕਾਰਜਕਾਰਨੀ ਰਾਜਿੰਦਰ ਪਰਦੇਸੀ ਅਤੇ ਪ੍ਰੋ. ਨਿਰੰਜਣ ਸਿੰਘ ਢੇਸੀ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕਰਦੀ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp