ਰਾਸ਼ਟਰੀ ਖੇਡ ਦਿਵਸ ਮੌਕੇ ਵੀ ਪੰਜਾਬ ਦੇ ਖਿਡਾਰੀਆਂ ਲਈ ਨਹੀਂ ਖੁੱਲ੍ਹੇ ਸਰਕਾਰੀ ਖਜ਼ਾਨੇ ਦੇ ਬੂਹੇ

ਡੰਗ ਟਪਾਊ ਨੀਤੀਆਂ ਤੋਂ ਨਿਰਾਸ਼ ਹਨ ਪੰਜਾਬ ਦੇ ਖਿਡਾਰੀ

ਗੁਰਦਾਸਪੁਰ 28ਅਗਸਤ ( ਅਸ਼ਵਨੀ ) : ਕਰੋਨਾ ਮਹਾਂਮਾਰੀ ਦੇ ਭੰਨੇ ਪੰਜਾਬ ਦੇ ਖਿਡਾਰੀਆਂ ਲਈ  ਇਸ ਸਾਲ ਵੀ  ਰਾਸ਼ਟਰੀ ਖੇਡ ਦਿਵਸ  ਵਰਦਾਨ ਸਾਬਿਤ ਨਹੀਂ ਹੋ ਸਕਿਆ। ਲੰਮੇ ਸਮੇਂ ਤੋਂ ਘਰਾਂ ਵਿਚ ਤਾੜੇ ਖਿਡਾਰੀਆਂ ਨੂੰ ਮੇਜ਼ਰ ਧਿਆਨ ਚੰਦ ਦੀ ਯਾਦ ਵਿੱਚ ਮਨਾਏ ਜਾਂਦੇ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਕੋਈ ਐਲਾਨ ਨਾ ਹੋਣ ਕਾਰਨ ਖਿਡਾਰੀਆਂ ਵਿੱਚ ਰੋਸ ਫੈਲਣਾ ਸ਼ੁਰੂ ਹੋ ਗਿਆ ਹੈ।

ਪੰਜਾਬ ਦੇ ਖਿਡਾਰੀਆਂ ਨੇ ਇਸ ਦਿਨ ਤੇ ਆਸਾਂ ਲਾਈਆਂ ਸਨ ਕਿ  ਲਾਕਡਾਉਨ ਕਾਰਨ ਆਰਥਿਕ ਮੰਦਹਾਲੀ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਰਥਿਕ ਪੈਕੇਜ ਦਿੱਤਾ ਜਾਵੇਗਾ।ਪੰਜਾਬ ਸਰਕਾਰ ਵੱਲੋਂ ਜਾਰੀ ਖੇਡ ਨੀਤੀ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਤੇ ਮਿਲਦੀ ਇਨਾਮੀ ਰਾਸ਼ੀ ਤਿੰਨ ਕਰੋੜ ਰੁਪਏ ਤੋਂ ਵਧੇਰੇ ਹੈ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਵਿੱਚ ਖੇਡ ਕੋਟੇ ਦੀਆਂ ਖਾਲੀ ਅਸਾਮੀਆਂ ਭਰਨ ਲਈ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾਵੇਗਾ। ਪਰ ਇਸ ਸਾਲ ਵੀ ਪੰਜਾਬ ਸਰਕਾਰ ਨੇ ਬੰਦ ਕਮਰੇ ਵਿੱਚ ਮੇਜ਼ਰ ਧਿਆਨ ਚੰਦ ਨੂੰ ਰਸਮੀ ਸ਼ਰਧਾਂਜਲੀ ਭੇਟ ਕਰਨ ਦੀਆਂ ਸੰਭਾਵਨਾਵਾਂ ਬਰਕਰਾਰ ਹਨ ਕਿਉਂਕਿ ਕੋਵਿਡ19 ਦੌਰਾਨ ਕੋਈ  ਵੱਡੇ ਇਕੱਠ ਕਰਨਾ ਮੁਸਕਿਲ ਹੈ।

ਇਸ ਦਿਨ ਰਾਸ਼ਟਰਪਤੀ ਭਵਨ ਵਿੱਚ ਵੀ ਰਸਮੀ ਸਮਾਗਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਕੋਈ ਆਰਥਿਕ ਸਹਾਇਤਾ ਨਾ ਦੇਣ ਕਾਰਨ ਪੰਜਾਬ ਸਰਕਾਰ ਦੀ ਅਲੋਚਨਾ ਸ਼ੁਰੂ ਹੋ ਗਈ ਹੈ। ਇਥੋਂ ਤੱਕ ਿਕ ਟੋਕਿਉ ਓਲੰਪਿਕ ਖੇਡਾਂ ਵਿੱਚ ਕੁਆਲੀਫਾਈ ਕਰਨ ਵਾਲੀ ਬਾਕਸਿੰਗ ਖਿਡਾਰਣ ਸਿਮਰਨਜੀਤ ਕੌਰ ਨੇ ਰਾਸ਼ਟਰੀ ਮੀਡੀਆ ਵਿੱਚ ਪੰਜਾਬ ਸਰਕਾਰ ਵੱਲੋਂ ਨੌਕਰੀ ਨਾ ਦੇਣ ਦਾ ਦੋਸ਼ ਲਾਕੇ ਪੰਜਾਬ ਸਰਕਾਰ ਦੀ ਨੌਜਵਾਨ ਖਿਡਾਰੀਆਂ ਨੂੰ  ਸਨਮਾਨ ਯੋਗ ਨੌਕਰੀਆਂ ਦੇਣ ਦੇ ਦਾਅਵੇ ਦੀ ਪੋਲ ਖੋਲੀ ਹੈ।

ਟੋਕਿਉ ਓਲੰਪਿਕ ਵਿਚ ਕੁਆਲੀਫਾਈ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਜਸਲੀਨ ਸੈਣੀ ਦੀ ਤ੍ਰਾਸਦੀ ਵੀ ਕੋਈ ਵੱਖਰੀ ਨਹੀਂ ਹੈ।  ਕਰੋਨਾ ਮਹਾਂਮਾਰੀ ਸੰਕਟ ਕਾਰਨ ਓਲੰਪਿਕ ਖੇਡਾਂ ਅੱਗੇ ਪੈਣ ਕਾਰਨ ਉਸਦੀ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਅਤੇ ਪੈਸਾ ਆਜਾਈਂ ਚਲਿਆ ਗਿਆ ਹੈ ਅਤੇ ਹੁਣ ਉਸ ਨੂੰ ਮੁੜ ਪੈਰਾਂ ਤੇ ਖੜ੍ਹੇ ਹੋਣ ਲਈ ਸਰਕਾਰੀ ਮਦਦ ਦੀ ਅਤਿ ਲੋੜ ਹੈ। ਜਸਲੀਨ ਸੈਣੀ ਦਾ ਕਹਿਣਾ ਹੈ ਕਿ ਸਰਕਾਰ ਮੈਨੂੰ ਮੇਰੀ ਤਿੰਨ ਲੱਖ ਰੁਪਏ ਦੀ ਇਨਾਮੀ ਰਾਸ਼ੀ ਹੀ ਜਾਰੀ ਕਰ ਦੇਵੇ ਤਾਂ ਕਿ ਮੈਂ ਮਿਹਨਤ ਕਰਕੇ ਇਸ ਟੋਕਿਉ ਓਲੰਪਿਕ 2021 ਲਈ ਤਿਆਰੀ ਕਰ ਸਕਾਂ।

ਖੇਡ ਵਿਭਾਗ ਪੰਜਾਬ ਦੇ ਠੇਕੇ ਤੇ ਭਰਤੀ ਕੀਤੇ ਕੋਚਾਂ ਨੇ ਖੇਡ ਮੰਤਰੀ ਪੰਜਾਬ ਤੋਂ ਪੱਕੇ ਹੋਣ ਦੀ ਮੰਗ ਨੂੰ ਵੀ ਸਰਕਾਰ ਨੇ ਅੱਖੋਂ ਪਰੋਖੇ ਕਰ ਦਿੱਤਾ ਹੈ। ਇਸ ਸਮੇਂ ਪੰਜਾਬ ਦੇ ਖੇਡ ਕੋਚਾਂ ਨੂੰ ਸਾਧਾਰਨ  ਦੀਹਾੜੀਦਾਰ ਮਜ਼ਦੂਰਾਂ ਤੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਪੰਜਾਬ ਦੇ ਖਿਡਾਰੀਆਂ ਪ੍ਰਤੀ ਬੇਰੁੱਖੀ ਭਰੇ ਵਤੀਰੇ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਹੈ ਕਿ ਉਹ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਏ। ਖਿਡਾਰੀਆਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇ। ਖਿਡਾਰੀਆਂ ਲਈ ਇਨਾਮੀ ਰਾਸ਼ੀ ਖਾਦ ਖੁਰਾਕ ਖੇਡਾਂ ਦਾ ਸਾਮਾਨ ਅਤੇ ਰੈਗੂਲਰ ਕੋਚਾਂ ਦੀ ਭਰਤੀ ਕੀਤੀ ਜਾਵੇ।

Related posts

Leave a Reply