ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਅਤੇ ਜਗਜੀਤ ਜ਼ੀਰਵੀ ਦਾ ਸਦੀਵੀ ਵਿਛੋੜਾ

ਕਿਰਪਾਲ ਕੌਰ ਜ਼ੀਰਾ ਅਤੇ ਜਗਜੀਤ ਜ਼ੀਰਵੀ ਦਾ ਸਦੀਵੀ ਵਿਛੋੜਾ

ਚੰਡੀਗੜ੍ਹ:  ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 9 ਸਤੰਬਰ 1929 ਨੂੰ ਜਨਮੇ ਸਨ। ਉਨ੍ਹਾਂ ਨੇ ‘ਨਦੀ ਤੇ ਨਾਰੀ’ ਅਤੇ ‘ਮਾਨਵਤਾ’ (ਦੋਵੇਂ ਕਾਵਿ ਨਾਟਕ), ‘ਮਾਤਾ ਸੁਲੱਖਣੀ’, ‘ਧਰਤੀ ਦੀ ਧੀ-ਮਾਤਾ ਗੁਜਰੀ’, ‘ਮਾਤਾ ਗੰਗਾ’ ਅਤੇ ‘ਸਮਰਪਣ-ਮਾਤਾ ਸਾਹਿਬ ਦੇਵਾ’ (ਚਾਰ ਇਤਿਹਾਸਕ ਨਾਵਲ), ‘ਦੀਪ ਬਲਦਾ ਰਿਹਾ’, ਮੈਂ ਤੋੰ ਮੈਂ ਤਕ’ ਅਤੇ ‘ਬਾਹਰਲੀ ਕੁੜੀ’ (ਤਿੰਨ ਨਾਵਲ) ‘ਮਮਤਾ’, ਕਦੋੰ ਸਵੇਰਾ ਹੋਇ’ ਅਤੇ ‘ਕੁਸਮ ਕਲੀ’ (ਤਿੰਨ ਕਾਵਿ ਸੰਗ੍ਰਹਿ) ਪੰਜਾਬੀ ਸਾਹਿਤ ਦੀ ਝੋਲੀ ਪਾਏ।

ਉਨ੍ਹਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਲਈ ਮੀਤ ਪ੍ਰਧਾਨ ਅਤੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਹੋਮੀਓਪੈਥੀ ਡਾਕਟਰ ਵਜੋਂ ਵੀ ਲੋਕ ਸੇਵਾ ਨਾਲ ਜੁੜੇ ਰਹੇ।
ਮਸ਼ਹੂਰ ਗਾਇਕ ਜਗਜੀਤ ਜ਼ੀਰਵੀ ਸਦੀਵੀ ਵਿਛੋੜਾ ਦੇ ਗਏ ਹਨ। ਡੀ. ਅੈਮ. ਕਾਲਜ ਮੋਗਾ ਤੋਂ ਉਚ ਵਿਦਿਆ ਪ੍ਰਾਪਤ ਕਰਕੇ ਉਹ ਮਿਲਟਰੀ ਵਿਚ ਅਫਸਰ ਲੱਗੇ ਪਰ ਸਾਹਿਤ ਅਤੇ ਗਾਇਕੀ ਦੀ ਚੇਟਕ ਕਾਰਣ ਉਨਾਂ ਨੌਕਰੀ ਤਿਆਗ ਦਿੱਤੀ। ਉਹ ਆਪਣੀ ਮਿਲਟਰੀ ਦੀ ਪੈਨਸ਼ਨ ਲਗਾਤਾਰ ਰੈਡ ਕਰੌਸ ਨੂੰ ਦਾਨ ਕਰਦੇ ਰਹੇ। ਉਨ੍ਹਾਂ ਫੋਕ ਅਤੇ ਗ਼ਜ਼ਲ ਗਾਇਕੀ ਪੇਸ਼ ਕਰਕੇ ਖੂਬ ਨਾਮਣਾ ਖੱਟਿਆ। ਵਿਰਹੋਂ ਦੇ ਸੁਲਤਾਨ ਸ਼ਿਵ ਕਾਮਾਰ ਬਟਾਲਵੀ ਦੇ ਗੀਤ ਦਰਦ ਭਰੀ ਆਵਾਜ਼ ਵਿਚ ਪੇਸ਼ ਕਰਕੇ ਉਹ ਦਰਸ਼ਕਾਂ ਨੂੰ ਕੀਲੇ ਲੈਂਦੇ ਸਨ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ-ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਘੇ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਅਤੇ ਗਾਇਕ ਜਗਜੀਤ ਜ਼ੀਰਵੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕੇਂਦਰੀ ਸਭਾ ਦੀ ਸਮੁੱਚੀ ਕਾਰਜਕਾਰਨੀ ਕਿਰਪਾਲ ਕੌਰ ਜ਼ੀਰਾ ਅਤੇ ਜਗਜੀਤ ਜ਼ੀਰਵੀ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕਰਦੀ ਹੈ।

Related posts

Leave a Reply