ਪਿਛਲੇ ਕਰੀਬ 10-12 ਸਾਲਾਂ ਤੋਂ ਨਹੀਂ ਲਗਾਈ ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ : ਕਿਸਾਨ ਮਨਦੀਪ ਸਿੰਘ

ਮਨਦੀਪ ਸਿੰਘ ਨੇ ਹੋਰ ਕਿਸਾਨ ਭਰਾਵਾਂ ਨੂੰ ਕੀਤੀ ਅਪੀਲ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਂਣ ਤੋਂ ਕਰੋ ਪ੍ਰਹੇਜ 

ਪਠਾਨਕੋਟ,5 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਿਛਲੇ ਕਰੀਬ 10-12 ਸਾਲ ਤੋਂ ਕਦੇ ਵੀ ਅਪਣੇ ਖੇਤਾਂ ਵਿੱਚ ਪਰਾਲੀ ਅਤੇ ਕਣਕ ਦੇ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਖੇਤੀ ਮਾਹਿਰਾਂ ਦੀ ਦੱਸੀ ਸਲਾਹ ਤੇ ਹੀ ਅਮਲ ਕਰਕੇ ਵਧੇਰਾ ਮੁਨਾਫਾ ਕਮਾ ਰਿਹਾ ਹਾਂ।ਇਹ ਪ੍ਰਗਟਾਵਾ ਪਿੰਡ ਸਹੀਦਪੁਰ ਜਿਲਾ ਪਠਾਨਕੋਟ ਦਾ ਵਸਨੀਕ ਕਿਸਾਨ ਮਨਦੀਪ ਸਿੰਘ ਨੇ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਂਣ ਲਈ ਪ੍ਰੇਰਿਤ ਕਰਦਿਆਂ ਕੀਤਾ। 

ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਿੰਡ ਸਹੀਦਪੁਰ ਜਿਲਾ ਪਠਾਨਕੋਟ ਵਿਖੇ 10 ਤੋਂ 12 ਕਿੱਲੇ ਜਮੀਨ ਹੈ ਅਤੇ ਉਹ ਅਪਣੀ ਜਮੀਨ ਤੇ ਕਣਕ, ਝੋਨਾ ਅਤੇ ਗੰਨਾ ਆਦਿ ਦੀ ਖੇਤੀ ਕਰਦਾ ਹੈ। ਉਨਾਂ ਦੱਸਿਆ ਕਿ ਉਹ ਪਿਛਲੇ ਕਰੀਬ 12 ਸਾਲ ਤੋਂ ਖੇਤਾਂ ਵਿੱਚ ਨਾ ਤਾਂ ਪਰਾਲੀ ਨੂੰ ਅੱਗ ਲਗਾਈ ਹੈ ਅਤੇ ਨਾ ਹੀ ਕਣਕ ਦੀ ਰਹਿੰਦ ਖੂੰਹਦ ਨੂੰ। ਮਨਦੀਪ ਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਸਮੇਂ ਸਮੇਂ ਤੇ ਉਨਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਲੈ ਕੇ ਹੀ ਉਹ ਖੇਤੀ ਵਿੱਚੋਂ ਵੱਡਾ ਲਾਹਾ ਪ੍ਰਾਪਤ ਕਰ ਰਿਹਾ ਹੈ। 

ਹੋਰ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਅਸੀਂ ਫਸਲਾਂ ਦੇ ਮਿੱਤਰ ਕੀੜਿਆਂ ਨੂੰ ਨਸਟ ਕਰ ਦਿੰਦੇ ਹਾਂ ਅਤੇ ਪੈਦਾਵਾਰ ਵਿੱਚ ਵਾਧਾ ਹੋਣ ਦੀ ਬਜਾਏ ਘਾਟਾ ਹੋਣਾ ਸੁਰੂ ਹੋ ਜਾਂਦਾ ਹੈ।ਉਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਇਹ ਕਸਮ ਖਾਈਏ ਕਿ ਅਸੀਂ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਵਾਂਗੇ। ਉਨਾਂ ਕਿਹਾ ਕਿ ਅੱਜ ਦੇ ਸਮੇਂ ਕਰੋਨਾ ਮਹਾਂਮਾਰੀ ਦੇ ਚਲ ਰਹੇ ਦੋਰ ਵਿੱਚ ਖੇਤਾਂ ਅੰਦਰ ਲਗਾਈ ਗਈ ਅੱਗ  ਕਰੋਨਾ ਵਾਈਰਸ ਦੀ ਬੀਮਾਰੀ ਵਿੱਚ ਵਾਧਾ ਕਰ ਸਕਦੀ ਹੈ ਜੋ ਕਿ ਮਨੁੱਖੀ ਜੀਵਨ ਲਈ ਹੋਰ ਵੀ ਜਿਆਦਾ ਖਤਰਨਾਕ ਹੋਵੇਗਾ। 

Related posts

Leave a Reply