ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਖੇ ਵਿਦਿਆਰਥੀਆਂ ਦੇ ਪੜ੍ਹਨ ਲਈ ਬਣਾਇਆ ਬੁੱਕ ਕੈਫ਼ੇ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਖੇ ਵਿਦਿਆਰਥੀਆਂ ਦੇ ਪੜ੍ਹਨ ਲਈ ਬਣਾਇਆ ਬੁੱਕ ਕੈਫ਼ੇ
-40 ਕੁਰਸੀਆਂ ਦੀ ਸਮਰੱਥਾ ਵਾਲਾ ਨਵਾਂ ਕਲਾਸ ਰੂਮ ਵੀ ਤਿਆਰ
ਪਟਿਆਲਾ, 19 ਅਗਸਤ (ਪਰਮਿੰਦਰ ਪਟਿਆਲਵੀ ):
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਾਜ਼ਗਾਰ ਮਾਹੌਲ ਬਣਾਕੇ ਦੇਣ ਦੇ ਮਕਸਦ ਨਾਲ ਬਿਊਰੋ ਵਿਖੇ ਨਵਾਂ ਬੁੱਕ ਕੈਫ਼ੇ ਬਣਾਇਆ ਗਿਆ ਹੈ, ਜਿਥੇ ਨੌਜਵਾਨ ਪੜ੍ਹਨ ਦੇ ਨਾਲ ਸਮੂਹਿਕ ਚਰਚਾ ਕਰਕੇ ਆਪਣੇ ਵਿਸ਼ਿਆਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਣਗੇ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੁੱਕ ਕੈਫ਼ੇ ਦੀ ਸ਼ੁਰੂਆਤ ਮੌਕੇ ਕਿਹਾ ਕਿ ਬਿਊਰੋ ਵੱਲੋਂ ਜਿਥੇ ਪਲੇਸਮੈਂਟ ਕੈਂਪ ਲਗਾਕੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਉਥੇ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਲਾਸ ਰੂਮ ਅਤੇ ਬੁੱਕ ਕੈਫ਼ੇ ਵੀ ਬਣਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇੱਕੋ ਛੱਤ ਥੱਲੇ ਪੜ੍ਹਨ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਿਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ.  ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬੁੱਕ ਕੈਫ਼ੇ ‘ਚ ਵਿਦਿਆਰਥੀ ਪੜ੍ਹਨ ਦੇ ਨਾਲ-ਨਾਲ ਵਿਸ਼ਿਆਂ ‘ਤੇ ਸਮੂਹਿਕ ਚਰਚਾਂ ਕਰ ਸਕਦੇ ਹਨ ਅਤੇ ਸੈਲਫ਼ ਸਟੱਡੀ ਦੇ ਨਾਲ-ਨਾਲ ਅਖਬਾਰ, ਮੈਗਜੀਨ, ਮੁਕਾਬਲੇ ਦੀ ਪ੍ਰੀਖਿਆ ਨਾਲ ਸਬੰਧਤ ਕਿਤਾਬਾਂ ਸਮੇਤ ਵਾਈਫਾਈ ਦਾ ਇਸਤੇਮਾਲ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਬਿਊਰੋ ਵਿਖੇ 40 ਕੁਰਸੀਆਂ ਦੀ ਸਮਰੱਥਾ ਵਾਲੇ ਕਲਾਸ ਰੂਮ ‘ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ਅਤੇ ਜਿਹੜੇ ਵਿਦਿਆਰਥੀ ਘਰ ਬੈਠਕੇ ਤਿਆਰੀ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਬਿਊਰੋ ਵੱਲੋਂ ਈ-ਲਾਇਬਰੇਰੀ ਦੀ ਸਹੂਲਤ ਵੀ ਦਿੱਤੀ ਗਈ ਹੈ।
ਡਾ. ਪ੍ਰੀਤੀ ਯਾਦਵ ਨੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾਂ ਲਿਆ ਜਾਵੇ ਅਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਿਊਰੋ ਵਿਖੇ ਆਕੇ ਕਰੀਅਰ ਕੌਂਸਲਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।

Related posts

Leave a Reply