ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋਫੈਸਰ ਵਰਾਵਰਾ ਰਾਓ ਦੀ ਰਿਹਾਈ ਲਈ ਅੱਜ ਰੋਸ ਪ੍ਰਦਰਸ਼ਨ ਕੀਤੇ ਜਾਣਗੇ

ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋਫੈਸਰ ਵਰਾਵਰਾ ਰਾਓ ਦੀ ਰਿਹਾਈ ਲਈ ਅੱਜ ਰੋਸ ਪ੍ਰਦਰਸ਼ਨ ਕੀਤੇ ਜਾਣਗੇ

ਗੁਰਦਾਸਪੁਰ 18 ਜੁਲਾਈ ( ਅਸ਼ਵਨੀ ) : ਅੱਜ ਪ੍ਰੈੱਸ ਜਾਰੀ ਕਰਕੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ 19 ਜੁਲਾਈ ਨੂੰ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਲੋਕ ਪੱਖੀ, ਜਮਹੂਰੀ-ਜਨਤਕ ਜਥੇਬੰਦੀਆਂ ਅਤੇ ਹੋਰ ਇਨਸਾਫ਼ਪਸੰਦ ਲੋਕਾਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਸਵੇਰੇ 9 ਵਜੇ ਆਪੋ ਆਪਣੇ ਘਰਾਂ ਅੱਗੇ ਜਾਂ ਹੋਰ ਸੰਭਵ ਸਮੂਹਿਕ ਤਰੀਕੇ ਨਾਲ ਬੈਨਰ, ਤਖ਼ਤੀਆਂ ਆਦਿ ਲੈ ਕੇ ਜੇਲ੍ਹ ਵਿਚ ਡੱਕੇ ਪ੍ਰੋਫੈਸਰ ਵਰਾਵਰਾ ਰਾਓ ਅਤੇ ਹੋਰ ਲੋਕਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਦੇਸ਼-ਵਿਦੇਸ਼ ਵਿਚ ਇਨਸਾਫ਼ਪਸੰਦ ਲੋਕ ਬੇਹੱਦ ਚਿੰਤਤ ਹਨ ਕਿ ਕਰੋਨਾ ਮਹਾਮਾਰੀ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਭੀਮਾ-ਕੋਰੇਗਾਓਂ ਦੇ ਝੂਠੇ ਕੇਸ ਤਹਿਤ ਦੋ ਸਾਲ ਤੋਂ ਜੇਲ੍ਹ ਵਿਚ ਬੰਦ ਉੱਘੇ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। 81 ਸਾਲਾ ਇਨਕਲਾਬੀ ਕਵੀ ਵਰਵਰਾ ਰਾਓ ਦੀ ਦਿਨੋਦਿਨ ਵਿਗੜ ਰਹੀ ਸਿਹਤ ਅਤੇ ਉਹਨਾਂ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਉਣ ’ਤੇ ਵੀ ਉਹਨਾਂ ਨੂੰ ਰਿਹਾਅ ਨਾ ਕਰਨਾ ਹੁਕਮਰਾਨਾਂ ਦੀ ਖ਼ਤਰਨਾਕ ਮਨਸ਼ਾ ਨੂੰ ਦਰਸਾਉਾਂਦਾ ।

ਪ੍ਰੋਫੈਸਰ ਰਾਓ ਤੋਂ ਇਲਾਵਾ ਪ੍ਰੋਫੈਸਰ ਤੇਲਤੁੰਬੜੇ, ਗੌਤਮ ਨਵਲੱਖਾ, ਐਡਵੋਕੇਟ ਸੁਰਿੰਦਰ ਗੈਡਲਿੰਗ, ਐਡਵੋਕੇਟ ਸੁਧਾ ਭਾਰਦਵਾਜ, ਪ੍ਰੋਫੈਸਰ ਵਰਨੋਨ, ਐਡਵੋਕੇਟ ਅਰੁਣ ਫ਼ਰੇਰਾ ਅਤੇ 90 ਫੀਸਦੀ ਅਪਾਹਜ ਪ੍ਰੋ ਸਾਈਬਾਬਾ ਅਤੇ ਹੋਰ ਕਾਰਕੁੰਨ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ, ਇਸ ਦੇ ਬਾਵਜੂਦ ਉਹਨਾਂ ਨੂੰ ਜ਼ਮਾਨਤ ’ਤੇ ਰਿਹਾਅ ਨਹੀਂ ਕੀਤਾ ਜਾ ਰਿਹਾ। ਪ੍ਰੋਫੈਸਰ ਰਾਓ ਦੇ ਇਲਾਜ ਲਈ ਦੇਸ਼ ਵਿਦੇਸ਼ ’ਚੋਂ ਉੱਠੀ ਆਵਾਜ਼ ਤੋਂ ਬਾਅਦ ਭਾਵੇਂ ਉਹਨਾਂ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ, ਪਰ ਉਹਨਾਂ ਦੀ ਗੰਭੀਰ ਸਰੀਰਕ ਤੇ ਮਾਨਸਿਕ ਹਾਲਤ ਅਤੇ ਕਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਇਹ ਕਾਫ਼ੀ ਨਹੀਂ ਹੈ।

ਪ੍ਰੋਫੈਸਰ ਰਾਓ ਨੂੰ ਤੁਰੰਤ ਰਿਹਾਅ ਕਰਕੇ ਪਰਿਵਾਰ ਦੀ ਦੇਖਭਾਲ ਹੇਠ ਏਮਜ਼ ਪੱਧਰ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਾਉਣਾ ਜ਼ਰੂਰੀ ਹੈ। ਸਭਾ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਇਨਸਾਫ਼ਪਸੰਦ ਜਮਹੂਰੀ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੂੰ 19 ਜੁਲਾਈ ਨੂੰ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ ਤਾਂ ਜੋ ਇਹਨਾਂ ਲੋਕਪੱਖੀ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਕਾਰਕੁੰਨਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਉੱਪਰ ਦਬਾਓ ਪਾਇਆ ਜਾ ਸਕੇ।

Related posts

Leave a Reply