ਪ੍ਰਿੰਸੀਪਲਾਂ,ਮੁੱਖ ਅਧਿਆਪਕਾਂ ਅਤੇ ਬੀ.ਪੀ.ਈ.ਓ ਦੀ ਭਰਤੀ ਪ੍ਰੀਖਿਆ ਪੰਜਾਬੀ ਮਾਧਿਅਮ ਵਿੱਚ ਵੀ ਲੈਣ ਦੀ ਮੰਗ

ਮਾਂ ਬੋਲੀ ‘ਪੰਜਾਬੀ’ ਨੂੰ ਨੁੱਕਰੇ ਲਗਾਉਣ ਦੀਆਂ ਕੋਸ਼ਿਸ਼ਾਂ ਬੰਦ ਹੋਣ : ਡੀ.ਟੀ.ਐੱਫ


ਗੜਸ਼ੰਕਰ 10 ਜੂਨ ( ਅਸ਼ਵਨੀ ਸ਼ਰਮਾਾ ) : ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਨੇ ਸਰਕਾਰੀ ਸਕੂਲਾਂ ਲਈ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀ ਭਰਤੀ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਕਰਵਾਈ ਜਾਣ ਵਾਲੀ ਪ੍ਰੀਖਿਆ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਮਾਧਿਅਮ ਵਿੱਚ ਲੈਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਡੀ.ਟੀ.ਐੱਫ. ਦੇ ਸੂਬਾ ਆਗੂ ਮੁਕੇਸ਼ ਗੁਜਰਾਤੀ ਅਤੇ ਸੁਖਦੇਵ ਡਾਨਸੀਵਾਲ  ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਵੱਲੋਂ ਸਰਕਾਰੀ ਸਕੂਲਾਂ ਲਈ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ (ਬੀ.ਪੀ.ਈ.ਓ.) ਦੀਆਂ ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾ ਰਹੀ ਪ੍ਰੀਖਿਆ ਨੂੰ ਪਿਛਲੇ ਵਾਰ ਦੀ ਤਰ੍ਹਾਂ ਅੰਗਰੇਜ਼ੀ ਮਾਧੀਅਮ ਵਿੱਚ ਹੀ ਕਰਵਾਉਣ ਦਾ ਹੀ ਅੰਦੇਸ਼ਾ ਹੈ, ਜਿਸ ਕਾਰਨ ਪੰਜਾਬੀ ਮਾਧਿਅਮ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਹਜਾਰਾਂ ਉਮੀਦਵਾਰਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ।

ਇੱਥੇ ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਦੌਰਾਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਇਹਨਾਂ ਅਸਾਮੀਆਂ ਲਈ ਕਰਵਾਈ ਪ੍ਰੀਖਿਆ ਵਿੱਚ ਕੇਵਲ ਅੰਗਰੇਜ਼ੀ ਮਾਧਿਅਮ ਰੱਖਿਆ ਗਿਆ ਸੀ, ਜਿਸ ਕਾਰਨ ਪੰਜਾਬੀ ਅਤੇ ਹੋਰਨਾਂ ਮਾਧਿਅਮਾਂ ਨਾਲ ਸਬੰਧਿਤ ਉਮੀਦਵਾਰਾਂ ਨੂੰ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਆਗੂਆਂ ਨੇ ਕਿਹਾ ਕਿ ਇਨੵਾਂ ਅਸਾਮੀਆਂ ਲਈ ਬਿਨੇ ਪੱਤਰ ਦੇਣ ਵਾਲਿਆਂ ਵਿੱਚ ਪੰਜਾਬੀ ਮਾਧਿਅਮ `ਚ ਸਿੱਖਿਆ ਪ੍ਰਾਪਤ ਉਮੀਦਵਾਰਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਪੰਜਾਬੀ ਭਾਸ਼ਾ ਦੇ ਅਧਾਰ `ਤੇ ਹੋਂਦ ਵਿੱਚ ਲਿਆਂਦੇ ਸੂਬੇ ਵਿੱਚ ਹੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਗਾਉਣ ਦੀਆਂ ਕੋਸ਼ਿਸ਼ਾਂ ਨੂੰ ਸਖਤੀ ਨਾਲ ਠੱਲ ਪਾਉਣ ਦੀ ਲੋੜ ਹੈ।

ਜਥੇਬੰਦੀ ਦੇ ਜਿਲ੍ਹਾ ਆਗੂ ਅਸ਼ਨੀ ਕੁਮਾਰ,ਹੰਸ ਰਾਜ ਗੜ੍ਸ਼ੰਕਰ, ਮਨਜੀਤ ਬੰਗਾ,ਸੱਤਪਾਲ ਕਲੇਰ ਹਰਮੇਸ਼ ਭਾਟੀਆ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਪ੍ਰੀਖਿਆ ਨੂੰ ਕਿਸੇ ਵੀ ਹੋਰ ਮਾਧਿਅਮ ਦੇ ਨਾਲ ਨਾਲ ਪੰਜਾਬੀ ਮਾਧਿਅਮ ਵਿੱਚ ਵੀ ਲੈਣਾ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੋਂ ਭਰਤੀ ਇਸ਼ਤਿਹਾਰ ਵਿੱਚ ਪ੍ਰੀਖਿਆ ਦਾ ਮਾਧਿਅਮ ਪੰਜਾਬੀ ਲੈਣ ਸਬੰਧੀ ਸਪੱਸ਼ਟੀਕਰਨ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋੋ ਸਬੰਧਿਤ ਹਜਾਰਾਂ ਊਮੀਦਵਾਰਾਂ ਵਿੱਚ ਪਾਈ ਜਾ ਰਹੀ ਬੇਚੈਨੀ ਦੂਰ ਹੋ ਸਕੇ।

Related posts

Leave a Reply