ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੈਂਸ ਆਪਣਾ ਕੋਵਿਡ-19 ਸਬੰਧੀ ਟੈਸਟ ਜਲਦ ਕਰਵਾਏ: : ਬਲਬੀਰ ਸਿੰਘ ਸਿੱਧੂ

ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੈਂਸ ਆਪਣਾ ਕੋਵਿਡ-19 ਸਬੰਧੀ ਟੈਸਟ ਜਲਦ ਕਰਵਾਏ: : ਬਲਬੀਰ ਸਿੰਘ ਸਿੱਧੂ

ਚੰਡੀਗੜ, 13 ਅਗਸਤ:

ਲੁਧਿਆਣਾ ਮਾਮਲੇ ਬਾਰੇ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦੇ ਹੋਏ ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸ੍ਰੀ ਸਿਮਰਨਜੀਤ ਸਿੰਘ ਬੈਂਸ ਨੇ ਲੁਧਿਆਣਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਵੀ ਆਪਣਾ ਕੋਵਿਡ -19 ਸਬੰਧੀ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਬੈਂਸ ਨੂੰ ਵਧੇਰੇ ਲੋਕ ਹਿੱਤ ਵਿੱਚ ਬਿਨਾਂ ਕਿਸੇ ਦੇਰੀ ਦੇ ਆਪਣੀ ਕੋਵਿਡ-19 ਸਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ।

ਮੰਤਰੀ ਨੇ ਕਿਹਾ ਕਿ ਸ੍ਰੀ ਬੈਂਸ ਨੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ ਅਤੇ ਉਨਾਂ ਨੂੰ ਲਾਜ਼ਮੀ ਤੌਰ ’ਤੇ ਲੁਧਿਆਣਾ ਵਾਸੀਆਂ ਅਤੇ ਰੋਸ ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲੇ ਅੰਦੋਲਨਕਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੋਵਿਡ-19 ਸਬੰਧੀ ਆਪਣੀ ਜਾਂਚ ਕਰਵਾਉਣੀ ਹੋਵੇਗੀ।ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲੁਧਿਆਣਾ ਵਿੱਚ ਕੋਵਿਡ ਦੇ ਬਹੁਤ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ ਜਿਥੇ ਸ੍ਰੀ ਬੈਂਸ ਨੇ ਇਸ ਗੱਲ ਨੂੰ ਧਿਆਨ ਵਿਚ ਰੱਖੇ ਬਿਨਾਂ ਰੋਸ ਮੁਜ਼ਾਹਰਾ ਕੀਤਾ ਕਿ ਜੇ ਇਕ ਵੀ ਵਿਅਕਤੀ ਕੋਰੋਨਾ ਲਈ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਇਹ ਸਮੂਹ ਵਿੱਚ ਫੈਲਾਅ ਦਾ ਕਾਰਨ ਬਣ ਸਕਦਾ ਹੈ। ਉਨਾਂ ਕਿਹਾ ਕਿ ਸ੍ਰੀ ਬੈਂਸ ਨੂੰ ਸੂਬੇ ਦੇ ਸਭ ਤੋਂ ਪ੍ਰਭਾਵਤ ਇਲਾਕੇ, ਜਿੱਥੇ ਰੋਜ਼ਾਨਾ ਸੈਂਕੜੇ ਮਾਮਲੇ ਸਾਹਮਣੇ ਆਉਂਦੇ ਹਨ, ਵਿੱਚ ਅੰਦੋਲਨ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਸੋਚਣਾ ਚਾਹੀਦਾ ਸੀ।

ਉਨਾਂ ਦੱਸਿਆ ਕਿ ਰੋਕਥਾਮ ਉਪਾਅ ਦੇ ਤੌਰ ’ਤੇ ਜ਼ਿਲਾ ਪੁਲਿਸ ਨੇ ਪਹਿਲਾਂ ਹੀ ਸਾਰੇ ਅੰਦੋਲਨਕਾਰੀਆਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ ਅਤੇ ਪੁਲਿਸ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬਜਾਏ ਸਿਮਰਨਜੀਤ ਸਿੰਘ ਬੈਂਸ ਨੇ ਖੁਦ ਦਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

  ਬੈਂਸ ਦੇ ਬਿਆਨ ਜਿਸ ਵਿੱਚ ਉਨਾਂ ਕਿਹਾ ਕਿ ਪਹਿਲਾਂ ਸਮੁੱਚਾ ਪੁਲਿਸ ਪ੍ਰਸ਼ਾਸਨ ਆਪਣਾ ਟੈਸਟ ਕਰਵਾਏ,’ਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿ ਸਿਹਤ ਮੰਤਰੀ ਨੇ ਕਿਹਾ ਕਿ ਸ੍ਰੀ ਬੈਂਸ ਨੂੰ ਯਾਦ ਦਿਵਾਉਣਾ ਪਏਗਾ ਕਿ ਸਾਡੇ ਪੁਲਿਸ ਅਧਿਕਾਰੀ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਕਰੋਨਾਵਾਇਰਸ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਉਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਉਨਾਂ ਦੀ ਜਾਨ ਦੀ ਸੁਰੱਖਿਆ ਲਈ ਪਹਿਲਾਂ ਹੀ ਪੁਲਿਸ ਕਰਮਚਾਰੀਆਂ ਦੇ ਟੈਸਟ ਕਰਵਾ ਰਹੀ ਹੈ।

  ਉਨਾਂ ਕਿਹਾ ਕਿ ਜੇਕਰ ਸ੍ਰੀ ਬੈਂਸ ਸੱਚਮੁੱਚ ਰਾਜ ਅਤੇ ਇਸ ਦੇ ਲੋਕਾਂ ਦੀ ਪਰਵਾਹ ਕਰਦੇ ਹਨ ਤਾਂ ਉਨਾਂ ਨੂੰ ਅਤੇ ਉਨਾਂ ਦੇ ਸਮਰਥਕਾਂ ਨੂੰ ਸਵੈਇੱਛਤ ਤੌਰ ’ਤੇ ਕੋਰੋਨਾ ਦਾ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੁਧਿਆਣਾ ਸ਼ਹਿਰ ਨੂੰ ਸਮੂਹ ਵਿੱਚ ਫੈਲਾਅ ਦੇ ਕਿਸੇ ਵੀ ਖ਼ਤਰੇ ਤੋਂ ਬਚਾਇਆ ਜਾ ਸਕੇ। ਇਹ ਨੇਕ ਕਾਰਜ ਲੁਧਿਆਣਾ ਸ਼ਹਿਰ ਦੇ ਲੋਕਾਂ ਲਈ ਅਸਲ ਇਨਸਾਫ ਹੋਵੇਗਾ।   

Related posts

Leave a Reply