ਫਾਰਮੇਸੀ ਅਫਸਰਾਂ ਨੂੰ ਕੋਵਿਡ-19 ਦੇ ਸੈਂਪਲ ਲੈਣ ਤੋਂ ਛੋਟ ਦਿੱਤੀ ਜਾਵੇ : ਪਰਮਿੰਦਰ ਸਿੰਘ

— ਭਰਤੀ ਨਾ ਹੋਣ ਕਾਰਣ ਅੱਧੇ ਨਾਲੋਂ ਵੱਧ ਹਨ ਅਸਾਮੀਆਂ ਖਾਲੀ

ਹੁਸ਼ਿਆਰਪੁਰ, 9 ਜੂਨ ( ਚੌਧਰੀ ) : ਸਿਹਤ ਵਿਭਾਗ ਅੰਦਰ ਫਾਰਮੇਸੀ ਅਫਸਰਾਂ ਦੀਆਂ ਖਾਲੀ ਪਈਆਂਅਸਾਮੀਆਂ ਕਾਰਣ ਪੇਸ਼ ਆ ਰਹੀਆਂ ਮੁਸ਼ਕਿਲਾਂ, ਵਧ ਰਹੇ ਕੰਮ ਦੇ ਬੋਝ ਅਤੇ ਕੋਵਿਡ-19 ਦੇ ਸੈਂਪਲ ਲੇਣ ਸਬੰਧੀ ਲਗਾਈ ਜਾ ਰਹੀ ਡਿਊਟੀ ਦੇ ਵਿਰੋਧ ਵਿੱਚ ਸੂਬਾ ਕਮੇਟੀ ਦੇ ਫੈਸਲੇ ਤਹਿਤ ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ।

ਮੰਗ ਪੱਤਰ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ 1997 ਤੋਂ ਬਾਅਦ ਵਿਭਾਗ ਅੰਦਰ ਫਾਰਮੇਸੀ ਆਫੀਸਰਜ਼ ਦੀ ਕੋਈ ਭਰਤੀ ਨਹੀਂ ਹੋਈ ਹੈ, ਜਿਸ ਕਾਰਣ ਪਂਜਾਬ ਅਤੇ ਜ਼ਿਲ੍ਹੇ ਅੰਦਰ ਕੰਮ ਰਹੇ ਫਾਰਮੇਸੀ ਅਫਸਰਾਂ ਦੀ ਉਮਰ 52 ਤੋਂ 55 ਸਾਲ ਹੈ ਅਤੇ ਵਿਭਾਗ ਵਲੋਂ ਲੋਕ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਦੇ ਕੰਮ ਦਾ ਬੋਝ ਵੀ ਫਾਰਮੇਸੀ ਅਫਸਰਾਂ ਉੱਪਰ ਹੈ।ਮਰੀਜ਼ਾਂ ਅਤੇ ਦਵਾਈਆਂ ਦੀ ਗਿਣਤੀ ਵਧਣ ਨਾਲ ਵੀ ਕੰਮ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਪ੍ਰੰਤੂ ਨਵੀ ਭਰਤੀ ਨਾ ਹੋਣ ਅਤੇ ਸੇਵਾ-ਮੁਕਤੀਆਂ ਹੋਣ ਕਾਰਣ ਅੱਧੇ ਨਾਲੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਇੱਕ-ਇੱਕ ਫਾਰਮੇਸੀ ਅਫਸਰ ਨੂੰ ਕਈ-ਕਈ ਜਗ੍ਹਾ ਤੇ ਕੰਮ ਕਰਨਾ ਪੈ ਰਿਹਾ ਹੈ।ਆਗੂਆਂ ਨੇ ਕਿਹਾ ਕਿ ਜਿਲ੍ਹੇ ਅੰਦਰ ਵੀ 100 ਮਨਜੂਰ-ਸ਼ੁਦਾ ਅਸਾਮੀਆਂ ਹਨ ਅਤੇ 51 ਅਸਾਮੀਆਂ ਖਾਲੀ ਪਈਆਂ ਹਨ, ਇੱਥੋਂ ਤੱਕ ਕਿ ਕਈ ਬਲਾਕਾਂ ਵਿੱਚ ਤਾਂ ਕੋਈ ਵੀ ਫਾਰਮੇਸੀ ਅਫਸਰ ਨਹੀਂ ਹੈ।

ਆਗੂਆਂ ਨੇ ਮੰਗ ਕੀਤੀ ਹੈ ਕੰਮ ਅਤੇ ਮਰੀਜਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਹਸਪਤਾਲਾਂ ਵਿੱਚ ਪੋਸਟਾਂ ਦੀ ਗਿਣਤੀ ਨੂੰ ਵਧਾਇਆ ਜਾਵੇ ਅਤੇ ਖਾਲੀ ਅਸਾਮੀਆਂ ਨੂੰ ਪੱਕੇ ਤੌਰ ਤੇ ਭਰਤੀ ਕਰਕੇ ਭਰਿਆਂ ਜਾਵੇ। ਫਾਰਮੇਸੀ ਅਫਸਰਾਂ ਦੀ ਬਹੁਤ ਹੀ ਘੱਟ ਗਿਣਤੀ ਨੂੰ ਦੇਖਦਿਆਂ ਕੋਵਿਡ-19 ਦੇ ਸੈਂਪਲ ਲੈਣ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਗੋਲਡੀ, ਜਨਰਲ ਸਕੱਤਰ ਇੰਦਰਜੀਤ ਵਿਰਦੀ, ਵਿੱਤ ਸਕੱਤਰ ਰਘਵੀਰ ਸਿੰਘ, ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੈ ਸ਼ਰਮਾ ਵੀ ਹਾਜਰ ਸਨ।


Related posts

Leave a Reply