ਭਜਨ ਗਾਇਕ ਨਰਿੰਦਰ ਚੰਚਲ ਦਾ ਦਿਹਾਂਤ

ਜਲੰਧਰ : ਤੂਨੇ ਮੂਝੇ ਬੁਲਾਇਆ ਸ਼ੇਰਾਵਾਲੀਏ… ਵਰਗੇ ਮੰਤਰ ਮੁਗਧ ਭਜਨ ਗਾਉਣ ਵਾਲੇ ਗਾਇਕ ਨਰਿੰਦਰ ਚੰਚਲ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ 80 ਸਾਲ ਦੇ ਸਨ। ਪਿਛਲੇ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦਾਖਲ ਸਨ। ਇਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ।
 
ਅੰਮ੍ਰਿਤਸਰ ਵਿਚ ਜਨਮੇ ਜਲੰਧਰ ਨੂੰ ਆਪਣੀ ਕਰਮਭੂਮੀ ਮੰਨਣ ਵਾਲੇ ਨਰਿੰਦਰ ਚੰਚਲ ਦੀ ਮੌਤ ਕਾਰਨ ਸ਼ਹਿਰ ਦੇ ਧਾਰਮਕ ਸਥਾਨਾਂ ਵਿਚ ਸੋਗ ਦੀ ਲਹਿਰ ਹੈ। ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਚ ਹਰ ਸਾਲ ਨਰਾਤਿਆਂ ਦੇ ਦਿਨਾਂ ਵਿਚ ਆਪਣੀ ਹਾਜ਼ਰੀ ਲਵਾਉਣ ਵਾਲੇ ਨਰਿੰਦਰ ਚੰਚਲ ਦਾ ਸ਼ਹਿਰ ਵਿਚ ਸਿਰਫ ਇਕ ਚੇਲਾ ਸੀ ਵਰੁਣ ਮਦਾਨ। ਉਨ੍ਹਾਂ ਨੇ ਨਰਿੰਦਰ ਚੰਚਲ ਤੋਂ ਧਾਰਮਕ ਸੰਗੀਤ ਦਾ ਗਿਆਨ ਪ੍ਰਾਪਤ ਕੀਤਾ ਸੀ। ਚੰਚਲ ਦੀ ਮੌਤ ਦੀ ਖ਼ਬਰ ਮਿਲਦੇ ਹੀ ਵਰੁਣ ਮਦਾਨ ਸਾਥੀਆਂ ਸਣੇ ਦਿੱਲੀ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੀ ਮੌਤ ’ਤੇ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਜੇਸ਼ ਵਿਜ, ਕੈਸ਼ੀਅਰ ਪਵਿੰਦਰ ਬਹਿਲ, ਪਵਨ ਮਹਿਤਾ, ਸੌਰਭ ਸ਼ਰਮਾ ਰਾਕੇਸ਼ ਮਹਾਜਨ ਸਣੇ ਮੈਂਬਰਾਂ ਨੇ ਸੋਗ ਪ੍ਰਗਟਾਇਆ।
 
ਜ਼ਿਕਰਯੋਗ ਹੈ ਕਿ ਉਹ ਧਾਰਮਕ ਜਗਤ ਦੇ ਮੰਨੇ ਪ੍ਰਮੰਨੇ ਚਿਹਰੇ ਸਨ। ਉਨ੍ਹਾਂ ਨੇ ਅਨੇਕਾਂ ਭੇਟਾ ਗਾਈਆਂ ਹਨ, ਜਿਸ ਕਾਰਨ ਉਹ ਕਾਫੀ ਜਾਣੇ ਪਛਾਣੇ ਚਿਹਰੇ ਸਨ। ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਚਹੇਤਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Related posts

Leave a Reply