latest : ਪੰਜਾਬ ਸਰਕਾਰ ਸ. ਉਜਾਗਰ ਸਿੰਘ ਹਰਪੁਰਾ ਦੀ ਯਾਦ ਵਿੱਚ ਬਣਾ ਰਹੀ ਹੈ ਯਾਦਗਾਰੀ ਗੇਟ

ਚੜ੍ਹਦੀ ਜਵਾਨੀ ਵਿੱਚ ਅੰਗਰੇਜ਼ ਹਕੂਮਤ ਨਾਲ ਮੱਥਾ ਲਗਾਉਣ ਵਾਲਾ ਸੁਤੰਤਰਤਾ ਸੈਨਾਨੀ ਸ. ਉਜਾਗਰ ਸਿੰਘ ਹਰਪੁਰਾ
ਭਾਰਤ ਸਰਕਾਰ ਵਲੋਂ ਸ. ਉਜਾਗਰ ਸਿੰਘ ਹਰਪੁਰਾ ਨੂੰ ਤਾਮਰ ਪੱਤਰ ਨਾਲ ਨਿਵਾਜਿਆ ਗਿਆ
ਬਟਾਲਾ, 22 ਜਨਵਰੀ ( ਨਈਅਰ , ਸ਼ਰਮਾ  ) – ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਇਹ ਲਾਈਨਾਂ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣ ਵਾਲੇ ਅਜ਼ਾਦੀ ਘੁਲਾਟੀਏ ਸਵਰਗਵਾਸੀ ਸ. ਉਜਾਗਰ ਸਿੰਘ ਹਰਪੁਰਾ ਉੱਪਰ ਪੂਰੀਆਂ ਢੁਕਦੀਆਂ ਹਨ। ਸੁਤੰਤਰਤਾ ਸੈਨਾਨੀ ਸ. ਉਜਾਗਰ ਸਿੰਘ ਹਰਪੁਰਾ ਨੇ ਚੜ੍ਹਦੀ ਜਵਾਨੀ ਵਿੱਚ ਬਰਤਾਨੀਆ ਰਾਜ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ ਸੀ ਅਤੇ 17 ਕੁ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜੈਤੋ ਦੇ ਮੋਰਚੇ ਵਿੱਚ ਭਾਗ ਲੈ ਕੇ ਅੰਗਰੇਜ਼ਾਂ ਖਿਲਾਫ ਮੋਰਚਾ ਲਗਾਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਅਨੇਕਾਂ ਤਸੀਹੇ ਵੀ ਝੱਲਣੇ ਪਏ ਪਰ ਉਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਆਪਣੀ ਅਵਾਜ਼ ਬੁਲੰਦ ਰੱਖੀ।
ਸੁਤੰਤਰਤਾ ਸੈਨਾਨੀ ਸ. ਉਜਾਗਰ ਸਿੰਘ ਹਰਪੁਰਾ ਦਾ ਜਨਮ ਪਿੰਡ ਹਰਪੁਰਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਸ. ਧੰਨਾ ਸਿੰਘ ਦੇ ਘਰ ਹੋਇਆ। ਸ. ਉਜਾਗਰ ਸਿੰਘ ਹਰਪੁਰਾ ਸਿੱਖ ਨੈਸ਼ਨਲ ਸਕੂਲ ਕਾਦੀਆਂ ਵਿਖੇ ਪੜ੍ਹਦੇ ਸਨ। ਸੰਨ 1923 ਵਿੱਚ ਜਦੋਂ ਉਹ ਇਸ ਸਕੂਲ ਵਿੱਚ 10ਵੀਂ ਜਮਾਤ ਦੇ ਵਿਦਿਆਰਥੀ ਸਨ ਤਾਂ ਉਸ ਸਮੇਂ ਅੰਗਰੇਜ਼ ਹਕੂਮਤ ਵਿਰੁੱਧ ਜੈਤੋ ਦਾ ਮੋਰਚਾ ਲੱਗ ਗਿਆ। ਸ. ਉਜਾਗਰ ਸਿੰਘ ਹਰਪੁਰਾ ਦੇ ਮਨ ਵਿੱਚ ਦੇਸ਼ ਅਤੇ ਕੌਮ ਪ੍ਰਤੀ ਪ੍ਰੇਮ ਕੁੱਟ-ਕੁੱਟ ਭਰਿਆ ਹੋਇਆ ਸੀ ਅਤੇ ਉਨ੍ਹਾਂ ਦੀ ਖਾਹਸ਼ ਸੀ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਇਆ ਜਾਵੇ। ਦੇਸ਼ ਭਗਤੀ ਦੀ ਭਾਵਨਾ ਦੇ ਵੱਸ ਉਹ ਜਦੋਂ ਕਾਦੀਆਂ ਵਿਖੇ ਸਕੂਲ ਪੜ੍ਹਨ ਗਏ ਤਾਂ ਰੇਲ ਗੱਡੀ ਰਾਹੀਂ ਬਿਨ੍ਹਾਂ ਘਰ ਦੱਸੇ ਅੰਮ੍ਰਿਤਸਰ ਨੂੰ ਚਲੇ ਗਏ। ਅੰਮ੍ਰਿਤਸਰ ਪਹੁੰਚ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਅਤੇ ਫਿਰ ਜੈਤੋ ਮੋਰਚੇ ਲਈ ਜਾਣ ਵਾਲੇ ਜਥੇ ਵਿੱਚ ਸ਼ਾਮਲ ਹੋ ਗਏ।
ਜਥੇਦਾਰ ਉਜਾਗਰ ਸਿੰਘ ਜੋ ਉਸ ਸਮੇਂ ਮਹਿਜ 17 ਕੁ ਸਾਲ ਦੇ ਮੁੱਛ-ਫੁੱਟ ਗੱਬਰੂ ਸਨ ਨੇ ਬੜੀ ਗਰਮਜੋਸ਼ੀ ਨਾਲ ਜੈਤੋ ਦੇ ਮੋਰਚੇ ਵਿੱਚ ਭਾਗ ਲਿਆ ਅਤੇ ਅੰਗਰੇਜ਼ ਹਕੂਮਤ ਦੀ ਡਟ ਕੇ ਵਿਰੋਧਤਾ ਕੀਤੀ। ਜੈਤੋ ਦੇ ਮੋਰਚੇ ਦੌਰਾਨ ਅੰਗਰੇਜ਼ ਹਕੂਮਤ ਨੇ ਸ. ਉਜਾਗਰ ਸਿੰਘ ਹਰਪੁਰਾ ਨੂੰ ਜਥੇ ਦੇ ਬਾਕੀ ਸਾਥੀਆਂ ਨਾਲ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ਼ ਭੇਜ ਦਿੱਤਾ। ਕਰੀਬ 7 ਸਾਲ ਉਨ੍ਹਾਂ ਨੂੰ ਵੱਖ-ਵੱਖ ਜੇਲ਼ਾਂ ਵਿੱਚ ਰੱਖਿਆ ਗਿਆ ਅਤੇ ਉਨ੍ਹਾਂ ’ਤੇ ਅਨੇਕ ਜੁਲਮ ਕੀਤੇ ਗਏ। ਸਖਤ ਤਸੀਹੇ ਝੱਲਣ ਦੇ ਬਾਵਜੂਦ ਵੀ ਅੰਗਰੇਜ਼ ਹਕੂਮਤ ਉਨ੍ਹਾਂ ਦੇ ਹੌਂਸਲੇ ਨਾ ਤੋੜ ਸਕੀ ਅਤੇ ਉਹ ਆਪਣੇ ਦੇਸ਼ ਦੀ ਅਜ਼ਾਦੀ ਦੀ ਅਵਾਜ਼ ਬੁਲੰਦ ਕਰਦੇ ਰਹੇ। ਸ. ਉਜਾਗਰ ਸਿੰਘ ਹਰਪੁਰਾ ਦੇ ਮਾਪਿਆਂ ਨੂੰ ਕਾਫੀ ਸਮਾਂ ਬਾਅਦ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪੁੱਤ ਅੰਗਰੇਜ਼ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਆਖਰ ਅਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਸਦਕਾ 15 ਅਗਸਤ 1947 ਵਿੱਚ ਭਾਰਤ ਅੰਗਰੇਜ਼ ਹਕੂਮਤ ਤੋਂ ਅਜ਼ਾਦ ਹੋਇਆ। ਦੇਸ਼ ਦੀ ਅਜ਼ਾਦੀ ਉਪਰੰਤ ਅਜ਼ਾਦੀ ਪਰਵਾਨਿਆ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਿਰੜੀ ਯੋਧਿਆਂ ਨੂੰ ਸਨਮਾਨ ਦਿੱਤਾ ਗਿਆ। ਸ. ਉਜਾਗਰ ਸਿੰਘ ਹਰਪੁਰਾ ਦੇ ਅਜ਼ਾਦੀ ਵਿੱਚ ਪਾਏ ਯੋਗਦਾਨ ਸਦਕਾ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਤਾਮਰ ਪੱਤਰ ਨਾਲ ਨਿਵਾਜਿਆ ਗਿਆ। ਸ. ਉਜਾਗਰ ਸਿੰਘ ਹਰਪੁਰਾ ਦੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਅਜ਼ਾਦੀ ਘੁਲਾਟੀਆਂ ਨੂੰ ਮਿਲਣ ਵਾਲੀ ਪੈਨਸ਼ਨ ਵੀ ਲਗਾਈ ਗਈ। ਆਪਣੇ ਪਿੰਡ ਹਰਪੁਰਾ ਵਿਖੇ 6 ਅਗਸਤ 1988 ਵਿੱਚ ਸ. ਉਜਾਗਰ ਸਿੰਘ ਹਰਪੁਰਾ ਅਕਾਲ ਚਲਾਣਾ ਕਰ ਗਏ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅਜ਼ਾਦੀ ਘੁਲਾਟੀਏ ਸ. ਉਜਾਗਰ ਸਿੰਘ ਹਰਪੁਰਾ ਦੀ ਯਾਦ ਵਿੱਚ ਪਿੰਡ ਹਰਪੁਰਾ ਦੀ ਮੁੱਖ ਸੜਕ ਉੱਪਰ 10 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਬਣਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਹਰਪੁਰਾ ਨੂੰ ਜਾਣ ਵਾਲੀ ਸੜਕ ਦਾ ਨਾਮ ਵੀ ਜਥੇਦਾਰ ਉਜਾਗਰ ਸਿੰਘ ਹਰਪੁਰਾ ਦੇ ਨਾਮ ਉੱਪਰ ਰੱਖ ਦਿੱਤਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ. ਉਜ਼ਗਾਰ ਸਿੰਘ ਹਰਪੁਰਾ ਵਰਗੇ ਅਜ਼ਾਦੀ ਘੁਲਾਟੀਆਂ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ

Related posts

Leave a Reply