LATEST : ਨਸ਼ਾ ਤਸਕਰਾਂ ਨੂੰ ਫੜ੍ਹਨ ਗਈ ਪੁਲਿਸ ਪਾਰਟੀ ‘ਤੇ ਹਮਲਾ

ਬਠਿੰਡਾ : ਪਿੰਡ ਸੁਰਜੀਤਪੁਰਾ ਝੁੱਗੀਆਂ ਵਿਚ ਨਸ਼ਾ ਤਸਕਰਾਂ ਨੂੰ ਫੜ੍ਹਨ ਗਈ ਪੁਲਿਸ ਪਾਰਟੀ ‘ਤੇ ਕੁੱਝ ਲੋਕਾਂ ਵਲੋਂ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਨੇ ਉਕਤ ਮਾਮਲੇ ਵਿਚ ਇਕ ਔਰਤ ਸਮੇਤ 10 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਕਾਰਵਾਈ ਸੀਆਈਏ-2 ਬਠਿੰਡਾ ਦੇ ਸਬ ਇੰਸਪੈਕਟਰ ਜਗਰੂਪ ਸਿੰਘ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਮਲ ਵਿਚ ਲਿਆਂਦੀ ਹੈ। ਇਸ ਸਬੰਧੀ ਐੱਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਸੁਰਜੀਤਪੁਰਾ ਝੁੱਗੀਆਂ ਦੇ ਕੁੱਝ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ਨੂੰ ਅੰਜ਼ਾਮ ਦੇ ਰਹੇ ਹਨ। ਉਕਤ ਵਿਅਕਤੀਆਂ ਕੋਲ ਨਾਜਾਇਜ਼ ਅਸਲਾ ਵੀ ਹੈ। ਇਸ ਸੂਚਨਾ ਦੇ ਅਧਾਰ ‘ਤੇ ਸੀਆਈਏ-2 ਦੇ ਮੁਲਾਜ਼ਮ ਪਿੰਡ ਸੁਰਜੀਤਪੁਰਾ ਝੁੱਗੀਆਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਕੋਲ ਪਹੁੰਚੇ ਤਾਂ ਉਕਤ ਵਿਅਕਤੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਪਾਰਟੀ ‘ਤੇ ਡਾਂਗਾ, ਕਿਰਚਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਕਥਿੱਤ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਮੌਕੇ ਤੋਂ ਭਜਾ ਦਿੱਤਾ। ਇਸ ਦੌਰਾਨ ਉਕਤ ਵਿਅਕਤੀਆਂ ਨੇ ਪੁਲਿਸ ਦੀਆਂ ਗੱਡੀਆਂ ‘ਤੇ ਇੱਟਾਂ ਰੋੜੇ ਵੀ ਮਾਰੇ।

Related posts

Leave a Reply