LATEST : ਵਿਸ਼ਵ ਰੰਗਮੰਚ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ 27 ਮਾਰਚ ਨੂੰ

ਵਿਸ਼ਵ ਰੰਗਮੰਚ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ 27 ਮਾਰਚ ਨੂੰ

 
 
ਪਠਾਨਕੋਟ, ਮਾਰਚ (ਰਾਜਿੰਦਰ ਸਿੰਘ ਰਾਜਨ )
 
ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਰੋਹ 27 ਮਾਰਚ 2023 ਨੂੰ ਸੋਮਵਾਰ ਵਾਲੇ ਦਿਨ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ, ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ ।
 
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਦੱਸਿਆ ਕਿ ਇਹ ਦਿਨ ਨਾਟਕਕਾਰਾਂ, ਰੰਗਕਰਮੀਆਂ ਤੇ ਰੰਗਮੰਚ ਨੂੰ ਪਿਆਰ ਕਰਨ ਵਾਲੇ ਲੋਕਾਂ ‘ਚ ਖਾਸ ਥਾਂ ਰੱਖਦਾ ਹੈ ਤੇ ਇਸ ਦਿਨ ਨੂੰ ਸੰਸਾਰ ਭਰ ਦੇ ਰੰਗਮੰਚ ਪ੍ਰੇਮੀ ਬਹੁਤ ਉਤਸ਼ਾਹ ਅਤੇ ਚਾਅ ਨਾਲ ਮਨਾਉਂਦੇ ਹਨ । ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਭਾਸ਼ਾ ਵਿਭਾਗ ਦੀ ਆਗਵਾਈ ਅਤੇ ਨਿਰਦੇਸ਼ਨਾਂ ਵਿੱਚ ਇਹ ਦਿਵਸ ਵਿਚਾਰ-ਗੋਸ਼ਟੀ, ਨਾਟ-ਪੁਸਤਕ ਦਾ ਲੋਕ ਅਰਪਣ, ਨਾਟ ਪ੍ਰਸਤੁਤੀ ਅਤੇ ਪੁਸਤਕ ਪ੍ਰਦਰਸ਼ਨੀ ਲਗਾ ਕੇ ਮਨਾਇਆ ਜਾਵੇਗਾ ।
 
ਇਸ ਪ੍ਰੋਗਰਾਮ ਵਿੱਚ ਸ਼੍ਰੀ ਹਰਦੀਪ ਸਿੰਘ ਦੀਪ ਜੋ ਰੰਗਕਰਮੀ ਤੇ ਸਾਹਿਤਕਾਰ ਹਨ ਅਤੇ ਜੰਮੂ ਕਸ਼ਮੀਰ ਦੀ ਇੰਡੀਆਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਜਦਕਿ ਨਾਟਕਕਾਰ ਡਾ. ਦਰਸ਼ਨ ਤ੍ਰਿਪਾਠੀ ਅਤੇ ਰੰਗਕਰਮੀ ਤੇ ਸਾਹਿਤਕਾਰ ਡਾ. ਬਾਂਕਾ ਬਹਾਦਰ ਅਰੋੜਾ ਜੀ ਵਿਸ਼ੇਸ਼ ਮਹਿਮਾਨ ਹੋਣਗੇ । ਡਾ. ਕੇਵਲ ਕ੍ਰਿਸ਼ਨ ਸ਼ਰਮਾ, ਗੋਪਾਲ ਫਿਰੋਜ਼ਪੁਰੀ, ਕਮਾਂਡਰ ਪਰਸ਼ੋਤਮ ਸਿੰਘ ਲੱਲੀ, ਨਾਟਕਕਾਰ ਸੰਦੇਸ਼ ਭੱਲਾ ਅਤੇ ਯਸ਼ਪਾਲ ਸ਼ਰਮਾ ਜੀ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ ।
 
ਡਾ. ਸੰਦੀਪ ਕੌਰ ਅਤੇ ਮੈਡਮ ਸਰਬਜੀਤ ਕੌਰ ਵੱਲੋਂ ਰੰਗਮੰਚ ਤੇ ਨਾਟਕ ਨਾਲ ਸੰਬੰਧਿਤ ਖੋਜ ਪੇਪਰ ਪੜ੍ਹੇ ਜਾਣਗੇ । ਇਸ ਮੌਕੇ ਕਮਾਂਡਰ ਪਰਸ਼ੋਤਮ ਸਿੰਘ ਲੱਲੀ ਦੀ ਲਘੂ ਨਾਟ-ਸੰਗ੍ਰਹਿ ਪੁਸਤਕ “ਬੰਤੇ ਦਾ ਗੁਨਾਹਗਾਰ” ਲੋਕ ਅਰਪਣ ਕੀਤੀ ਜਾਵੇਗੀ । ਇਹ ਸਮਾਰੋਹ ਪ੍ਰਿੰਸੀਪਲ ਡਾ. ਮੀਨਾਕਸ਼ੀ ਵਿੱਗ ਜੀ ਅਤੇ ਭਾਸ਼ਾ ਮੰਚ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਮਾਰੋਹ ਵਿੱਚ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ । ਇਸ ਸਮਾਰੋਹ ਦੇ ਪ੍ਰਬੰਧਕ ਵਜੋਂ ਖੋਜ ਅਫ਼ਸਰ ਰਾਜੇਸ਼ ਕੁਮਾਰ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ ।

Related posts

Leave a Reply