LATEST: ਵੱਡੀ ਖ਼ਬਰ : ਕੰਢੀ ਖੇਤਰ ਦੇ ਵਿਕਾਸ ਲਈ 42.79 ਕਰੋੜ ਰੁਪਏ ਮਨਜ਼ੂਰ : ਸੁੰਦਰ ਸ਼ਾਮ ਅਰੋੜਾ

ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਦੇ ਵਿਕਾਸ ਲਈ 42.79 ਕਰੋੜ ਰੁਪਏ ਮਨਜ਼ੂਰ : ਸੁੰਦਰ ਸ਼ਾਮ ਅਰੋੜਾ

ਕੰਢੀ ਇਲਾਕਿਆਂ ’ਚ ਮੈਡੀਕਲ ਸਿੱਖਿਆ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਬੁਨਿਆਦੀ ਢਾਂਚਾ, ਖੇਤੀਬਾੜੀ ਖੇਤਰ ’ਚ ਹੋਵੇਗਾ ਰਿਕਾਰਡ ਤੋੜ ਵਿਕਾਸ

ਐਮ.ਐਲ.ਏਜ਼ ਵਲੋਂ ਕੰਢੀ ਖੇਤਰ ਲਈ ਲੋੜੀਂਦੇ ਫੰਡ ਮਨਜ਼ੂਰ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ

ਹੁਸ਼ਿਆਰਪੁਰ, 18 ਮਈ (ਆਦੇਸ਼ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰਾਂ ਦੇ ਵਿਕਾਸ ਕਾਰਜਾਂ ਲਈ 42.79 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਖੇਤਰਾਂ ਵਿੱਚ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਖੇਤੀਬਾੜੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੀ ਸਥਾਪਤੀ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਫੰਡ ਜਾਰੀ ਹੋਣ ਨਾਲ ਜ਼ਿਲ੍ਹੇ ਦੇ ਸਾਰੇ ਕੰਢੀ ਖੇਤਰਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਇਨ੍ਹਾਂ ਖੇਤਰਾਂ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਖਾਤਮੇ ਦੇ ਨਾਲ-ਨਾਲ ਲੋੜੀਂਦੀ ਹਰ ਸਹੂਲਤ ਯਕੀਨੀ ਬਣਾਈ ਜਾਵੇਗੀ। ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਸਮੇਤ ਕੰਢੀ ਖੇਤਰ ਦੇ ਵਿਕਾਸ ਸਬੰਧੀ ਗੱਲਬਾਤ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਨਾਲ ਸਬੰਧਤ ਖੇਤਰਾਂ ਵਿੱਚ ਲੋਕਾਂ ਦੀ ਸਹੂਲਤ ਲਈ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਲੋੜੀਂਦੇ ਕੰਮ ਕਰਵਾਉਣ ਦੇ ਨਾਲ-ਨਾਲ ਕੰਢੀ ਖੇਤਰਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਲੋੜ ਮੁਤਾਬਕ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਢੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤਹਿਤ Çਲੰਕ ਸੜਕਾਂ, ਪਹੁੰਚ ਮਾਰਗਾਂ, ਪੁੱਲਾਂ ਆਦਿ ਦੀ ਉਸਾਰੀ ਦੇ ਨਾਲ-ਨਾਲ ਨਵੇਂ ਟੂਰਿਸਟ ਸੈਂਟਰ ਵੀ ਤਿਆਰ ਕੀਤੇ ਜਾਣਗੇ। ਇਸ ਦੇ ਨਾਲ-ਨਾਲ ਕੰਢੀ ਖੇਤਰਾਂ ਵਿੱਚ ਉਦਯੋਗਿਕ ਵਿਕਾਸ ਤਹਿਤ ਸਮਾਲ ਸਕੇਲ ਅਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਨਜ਼ੂਰ 42.79 ਕਰੋੜ ਰੁਪਏ ਵਿੱਚੋਂ ਹੁਸ਼ਿਆਰਪੁਰ ਨਾਲ ਸਬੰਧਤ ਕੰਢੀ ਖੇਤਰਾਂ ਲਈ 456.57 ਲੱਖ ਰੁਪਏ, ਸ਼ਾਮਚੁਰਾਸੀ ਲਈ 409.50 ਲੱਖ ਰੁਪਏ, ਚੱਬੇਵਾਲ ਲਈ 424.05 ਲੱਖ ਰੁਪਏ, ਦਸੂਹਾ ਦੇ ਕੰਢੀ ਖੇਤਰਾਂ ਲਈ 1059.90 ਲੱਖ ਰੁਪਏ, ਉੜਮੁੜ ਟਾਂਡਾ ਲਈ 232.78 ਲੱਖ ਰੁਪਏ, ਗੜ੍ਹਸ਼ੰਕਰ ਲਈ 686.78 ਲੱਖ ਰੁਪਏ ਅਤੇ ਮੁਕੇਰੀਆਂ ਲਈ 1009.42 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਕੰਢੀ ਖੇਤਰਾਂ ਦੇ ਵਿਕਾਸ ਲਈ ਉਲੀਕੇ ਪ੍ਰੋਗਰਾਮ ਤਹਿਤ ਇਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਵੀ ਬਲ ਮਿਲੇਗਾ।
ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੰਡ ਕੰਢੀ ਖੇਤਰਾਂ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਕਈ ਪ੍ਰੇਸ਼ਾਨੀਆਂ ਦਾ ਹੱਲ ਕਰ ਦੇਣਗੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਹੋਰ ਸੁਖਾਲਾ ਹੋ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ।
ਇਸੇ ਦੌਰਾਨ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਅਤੇ ਹਲਕਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ,  ਸ਼ਾਮਚੁਰਾਸੀ ਤੋਂ ਐਮ.ਐਲ.ਏ. ਪਵਨ ਕੁਮਾਰ ਆਦੀਆ, ਦਸੂਹਾ ਤੋਂ ਵਿਧਾਇਕ ਅਰੁਣ ਡੋਗਰਾ, ਮੁਕੇਰੀਆਂ ਤੋਂ ਵਿਧਾਇਕ ਇੰਦੂ ਬਾਲਾ ਨੇ ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਵਿੱਚ ਵਿਕਾਸ ਦੇ ਮੱਦੇਨਜ਼ਰ 42.79 ਕਰੋੜ ਰੁਪਏ ਮਨਜ਼ੂਰ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੰਢੀ ਖੇਤਰਾਂ ਵਿੱਚ ਚਿਰਾਂ ਤੋਂ ਹੋਣ ਵਾਲੇ ਕੰਮ ਜਲਦ ਨੇਪਰੇ ਚੜਨਗੇ।

Related posts

Leave a Reply