LATEST.. ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਪ੍ਰਕਿਰਿਆ ਜੰਗੀ ਪੱਧਰ ’ਤੇ ਜਾਰੀ : ਭਾਰਤ ਭੂਸ਼ਨ ਆਸ਼ੂ

(ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦਾਣਾ ਮੰਡੀ, ਰਹੀਮਪੁਰ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ)

ਕੈਬਨਿਟ ਦੀ ਉਚ ਤਾਕਤੀ ਕਮੇਟੀ ਦੇ ਜਲਦ ਆਉਣਗੇ ਫੈਸਲੇ,ਕਣਕ ਦੀ ਖਰੀਦ ਸੁਚੱਜੇ ਢੰਗ ਨਾਲ ਜਾਰੀ,ਮੰਡੀਆਂ ’ਚ ਹਰ ਕਿਸਮ ਦੇ ਪੁਖਤਾ ਇੰਤਜ਼ਾਮ

ਪੰਜਾਬ ਸਰਕਾਰ ਨੇ ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕੀਤੇ, ਆਸ਼ੂ ਅਤੇ ਅਰੋੜਾ ਨੇ ਦਾਣਾ ਮੰਡੀ ਰਹੀਮਪੁਰ ’ਚ ਸ਼ੁਰੂ ਕਰਵਾਈ ਕਣਕ ਦੀ ਖਰੀਦ

ਹੁਸ਼ਿਆਰਪੁਰ, 12 ਅਪ੍ਰੈਲ(ਚੌਧਰੀ) : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਕੈਬਨਿਟ ਦੀ ਉਚ ਤਾਕਤੀ ਕਮੇਟੀ ਵਲੋਂ ਇਸ ਸੰਦਰਭ ਵਿੱਚ ਉਲੀਕੀ ਜਾਣ ਵਾਲੀ ਯੋਜਨਾ ਸਬੰਧੀ ਜਲਦ ਹੀ ਫੈਸਲੇ ਲਏ ਜਾ ਰਹੇ ਹਨ।ਸਥਾਨਕ ਨਗਰ ਨਿਗਮ ਕੰਪਲੈਕਸ ਵਿੱਚ ਮੇਅਰ ਦੀ ਚੋਣ ਉਪਰੰਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਮਾਮਲੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਜਾਣੂ ਹਨ ਅਤੇ ਇਸ ਮਕਸਦ ਲਈ ਕੈਬਨਿਟ ਦੀ ਉਚ ਤਾਕਤੀ ਕਮੇਟੀ ਬਣਾਈ ਗਈ ਹੈ ਜਿਸ ਵਲੋਂ ਜਲਦ ਹੀ ਆਪਣਾ ਫੈਸਲਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਮਹੀਨੇ ਦੋ ਮਹੀਨੇ ਵਿੱਚ ਫੈਸਲਾ ਲੈ ਲਿਆ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਜੋ ਕਿ ਸੁਚੱਜੇ ਢੰਗ ਨਾਲ ਜਾਰੀ ਹੈ ਅਤੇ ਮੰਡੀਆਂ ਵਿੱਚ ਪੰਜਾਬ ਸਰਕਾਰ ਵਲੋਂ ਹਰ ਪੱਧਰ ’ਤੇ ਲੋੜੀਂਦੇ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਜਿਥੇ-ਜਿਥੇ ਵੀ ਕਣਕ ਦੀ ਆਮਦ ਹੋ ਰਹੀ ਹੈ, ਉਥੇ ਆੜਤੀਆਂ ਵਲੋਂ ਸਬੰਧਤ ਏਜੰਸੀਆਂ ਰਾਹੀਂ ਕਿਸਾਨਾਂ ਦੀ ਫ਼ਸਲ ਦਾ ਭਾਅ ਲਗਵਾਇਆ ਜਾ ਰਿਹਾ ਹੈ ਅਤੇ ਕਿਤੇ ਵੀ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ।

ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਨੇ ਦੱਸਿਆ ਕਿ ਭਾਵੇਂ ਬਾਰਦਾਨੇ ਦੀ ਪੂਰੇ ਭਾਰਤ ਵਿੱਚ ਘਾਟ ਦਰਪੇਸ਼ ਹੈ ਪਰ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਲੋੜੀਂਦੇ ਅਤੇ ਢੁਕਵੇਂ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਪਲਾਸਟਿਕ ਦੇ ਬੈਗਾਂ ਦਾ ਵੀ ਸਟਾਕ ਰੱਖਿਆ ਗਿਆ ਹੈ ਜੋ ਕਿ ਲੋੜ ਪੈਣ ’ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਅਤੇ ਆੜਤੀਆਂ ਨੂੰ ਭਰੋਸਾ ਦੁਆਇਆ ਕਿ ਖਰੀਦ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਫ਼ਸਲ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀਆਂ ਸਮੇਂ ਸਿਰ ਹੋਣਗੀਆਂ।ਇਸ ਉਪਰੰਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਥਾਨਕ ਦਾਣਾ ਮੰਡੀ, ਰਹੀਮਪੁਰ  ਵਿਖੇ ਪਹੁੰਚ ਕੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪਿੰਡ ਸਲੇਮਪੁਰ ਦੇ ਕਿਸਾਨ ਮਨਜਿੰਦਰ ਸਿੰਘ ਦੀ ਫਸਲ ਦੀ ਬੋਲੀ ਲਗਵਾ ਕੇ ਖਰੀਦ ਕਰਵਾਈ। ਇਸ ਮੌਕੇ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕਿਸਾਨਾਂ ਅਤੇ ਆੜਤੀਆਂ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਅਤੇ ਕੋਵਿਡ-19 ਦੀਆਂ ਹਦਾਇਤਾਂ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾ ਰਿਹਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਚੇਅਰਮੈਨ ਮਾਰਕੀਟ ਕਮੇਟੀ ਰਾਜੇਸ਼ ਗੁਪਤਾ, ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਰਮੇਸ਼ ਜੋਸ਼ੀ, ਲਾਲ ਜਨਕ ਰਾਜ, ਰਾਹੁਲ ਗੋਹਿਲ, ਅਨਿਲ ਕੁਮਾਰ, ਤਿਲਕ ਰਾਜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Related posts

Leave a Reply