Latest News :- ਕੋਵਿਡ 19 ਮਹਾਂਮਾਰੀ ਕਾਰਨ ਪੈਰੋਲ ਤੇ ਰਿਹਾਅ ਹੋਏ ਕੈਦੀ ਵਾਪਸ ਜੇਲ੍ਹ ਵਿੱਚ ਦਾਖਲ ਹੋਣ: ਜੇਲ੍ਹ ਸੁਪਰਡੈਂਟ

ਕੋਵਿਡ 19 ਮਹਾਂਮਾਰੀ ਕਾਰਨ ਪੈਰੋਲ ਤੇ ਰਿਹਾਅ ਹੋਏ ਕੈਦੀ ਵਾਪਸ ਜੇਲ੍ਹ ਵਿੱਚ ਦਾਖਲ ਹੋਣ: ਜੇਲ੍ਹ ਸੁਪਰਡੈਂਟ ਅਰਵਿੰਦਰਪਾਲ ਸਿੰਘ ਭੱਟੀ

ਹਰੇਕ ਕੈਦੀ ਆਪਣਾ ਕਰੋਨਾ ਟੈਸਟ ਕਰਵਾ ਕੇ ਰਿਪੋਰਟ ਨਾਲ ਲੈ ਕੇ ਆਵੇ

ਫਿਰੋਜ਼ਪੁਰ, 12 ਫਰਵਰੀ, 2021 :- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ  ਜਿਨ੍ਹਾਂ ਕੈਦੀਆ ਨੂੰ ਪੈਰੋਲ ਤੇ ਰਿਹਾਅ ਕੀਤਾ ਗਿਆ ਸੀ ਉਨ੍ਹਾਂ ਨੂੰ ਵਾਪਸ ਜੇਲ੍ਹ ਵਿੱਚ ਦਾਖਲ ਕਰਨ ਲਈ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਰਦ ਬੰਦੀਆਂ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਅਤੇ ਕੈਦੀ ਔਰਤਾਂ ਨੂੰ ਸਬ-ਜੇਲ੍ਹ ਮਲੇਰਕੋਟਲਾ ਵਿਖੇ ਆਪਣੀ ਹਾਜ਼ਰੀ ਦੇਣੀ ਹੋਵੇਗੀ। ਇਹ ਜਾਣਕਾਰੀ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸ੍ਰੀ ਅਰਵਿੰਦਰਪਾਲ ਸਿੰਘ ਭੱਟੀ ਨੇ ਦਿੱਤੀ।

        ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਰਦ ਬੰਦੀ ਜਿਨ੍ਹਾਂ ਨੂੰ ਪੈਰੋਲ ਤੇ ਰਿਹਾਅ ਕੀਤਾ ਗਿਆ ਸੀ ਉਹ ਆਪਣੀ ਵਾਪਸ ਹਾਜ਼ਰੀ ਵਾਲੀ ਮਿਤੀ ਨੂੰ ਜੇਲ੍ਹ ਵਿਚ ਹਾਜ਼ਰੀ ਦੇਣ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਮਰਦ ਕੈਦੀਆਂ ਨੂੰ 1 ਜਨਵਰੀ 2020 ਤੋਂ 31 ਜਨਵਰੀ 2020 ਤੱਕ ਪੈਰੋਲ ਤੇ ਭੇਜੇ ਗਏ ਸਨ ਉਹ 17 ਫਰਵਰੀ 2021 ਨੂੰ ਆਪਣੀ ਹਾਜ਼ਰ ਦੇਣ। ਇਸੇ ਤਰ੍ਹਾਂ 1 ਫਰਵਰੀ 2020 ਤੋਂ 29 ਫਰਵਰੀ 2020 ਵਾਲੇ 27 ਫਰਵਰੀ 2021 ਨੂੰ,  1 ਮਾਰਚ ਤੋਂ 28 ਮਾਰਚ 2020 ਵਾਲੇ 9 ਮਾਰਚ 2021 ਨੂੰ, 29 ਮਾਰਚ ਤੋਂ 2 ਅਪ੍ਰੈਲ ਵਾਲੇ 19 ਮਾਰਚ ਨੂੰ, 3 ਅਪ੍ਰੈਲ ਤੋਂ 8 ਅਪ੍ਰੈਲ 2020 ਵਾਲੇ 29 ਮਾਰਚ 2021 ਨੂੰ, 9 ਅਪ੍ਰੈਲ ਤੋਂ 19 ਅਪ੍ਰੈਲ 2020 ਵਾਲੇ 8 ਅਪ੍ਰੈਲ ਨੂੰ, 20 ਅਪ੍ਰੈਲ ਤੋਂ 12 ਮਈ 2020 ਵਾਲੇ 18 ਅਪ੍ਰੈਲ ਨੂੰ, 13 ਮਈ ਤੋਂ 30 ਜੂਨ 2020 ਵਾਲੇ 28 ਅਪ੍ਰੈਲ ਨੂੰ ਅਤੇ 1 ਜੁਲਾਈ ਤੋਂ 31 ਦਸੰਬਰ 2020 ਵਾਲੇ 8 ਮਈ ਨੂੰ ਆਪਣੀ ਹਾਜ਼ਰੀ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਆਪਣੀ ਹਾਜ਼ਰੀ ਦੇਣ। ਇਸ ਤੋਂ ਇਲਾਵਾ ਜਿਹੜੇ ਮਰਦ ਕੈਦੀਆਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਫਿਰ ਜੋ ਮਰਦ ਬੰਦੀ ਘਾਤਕ ਬਿਮਾਰੀਆਂ ਨਾਲ ਪੀੜਤ ਹਨ ਉਹ 18 ਮਈ 2021 ਨੂੰ ਆਪਣੀ ਹਾਜ਼ਰੀ ਦੇਣਗੇ।

        ਇਸੇ ਤਰ੍ਹਾਂ ਹੀ ਔਰਤ ਬੰਦੀਆਂ ਨੂੰ ਸਬ-ਜੇਲ੍ਹ ਮਲੇਰਕੋਟਲਾ ਵਿਖੇ ਆਪਣੀ ਹਾਜ਼ਰੀ ਦੇਣੀ ਹੋਵੇਗੀ। ਜਿਹੜੀਆਂ ਬੰਦੀ ਔਰਤਾਂ 1 ਜਨਵਰੀ ਤੋਂ 30 ਅਪ੍ਰੈਲ 2020 ਦੌਰਾਨ ਪੈਰੋਲ ਤੇ ਰਿਹਾਅ ਹੋਈਆਂ ਸਨ ਉਹ 17 ਫਰਵਰੀ 2021 ਨੂੰ ਆਪਣੀ ਹਾਜ਼ਰੀ ਦੇਣਗੀਆਂ ਅਤੇ 1 ਮਈ ਤੋਂ 31 ਦਸੰਬਰ 2020 ਦੌਰਾਨ ਰਿਹਾਅ ਹੋਣ ਵਾਲੀਆਂ ਬੰਦੀਆਂ ਔਰਤਾਂ ਜਾਂ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਜੋ ਘਾਤਕ ਬਿਮਾਰੀਆਂ ਨਾਲ ਪੀੜ੍ਹਤ ਹਨ ਉਨ੍ਹਾਂ ਨੂੰ ਆਪਣੀ ਹਾਜ਼ਰੀ 27 ਫਰਵਰੀ 2021 ਨੂੰ ਦੇਣੀ ਹੋਵੇਗੀ।

        ਅਰਵਿੰਦਰਪਾਲ ਸਿੰਘ ਭੱਟੀ ਨੇ ਕਿਹਾ ਕਿ ਸਮੂਹ ਕੈਦੀ ਮਰਦ ਅਤੇ ਕੈਦੀ ਔਰਤਾਂ ਆਪਣੀ-ਆਪਣੀ ਪੈਰੋਲ ਦੀ ਮਿਤੀ ਦੇ ਹਿਸਾਬ ਨਾਲ ਦਰਸਾਈ ਨਿਸ਼ਚਿਤ ਮਿਤੀ ਤੇ ਸਬੰਧਤ ਜੇਲ੍ਹ ਤੇ ਆਪਣੀ ਹਾਜ਼ਰੀ ਦੇਣਾ ਯਕੀਨੀ ਬਣਾਉਣ। ਉਨ੍ਹਾਂ  ਕਿਹਾ ਕਿ ਸਮੂਹ ਬੰਦੀ ਜੇਲ੍ਹ ਦਾਖਿਲ ਹੋਣ ਤੋਂ ਪਹਿਲਾਂ ਆਪਣਾ ਕਰੋਨਾ ਟੈਸਟ ਕਰਵਾ ਕੇ ਆਉਣ ਅਤੇ ਕਰੋਨਾ ਟੈਸਟ ਦੀ ਰਿਪੋਰਟ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਉਨ੍ਹਾਂ  ਕਿਹਾ ਕਿ ਜੇਕਰ ਕਿਸੇ ਕੈਦੀ ਕੋਲ ਆਪਣੀ ਹਾਜ਼ਰੀ ਪੇਸ਼ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ।

Related posts

Leave a Reply