LATEST HOSHIARPUR : ਯੂਥ ਕਾਂਗਰਸ ਪ੍ਰਧਾਨ ਸਮੇਤ ਤਿੰਨ ਲੋਕਾਂ ਖਿਲਾਫ ਇਰਾਦਾ ਕਤਲ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਦਸੂਹਾ / ਹੁਸ਼ਿਆਰਪੁਰ  (ਹਰਭਜਨ ਢਿੱਲੋਂ ) :  ਪੁਲਿਸ ਨੇ ਅੱਡਾ ਚੌਲਾਂਗ ਰੇਲਵੇ ਫਾਟਕ ‘ਤੇ ਹੋਏ ਇਕ ਮਜ਼ਦੂਰ ਦੇ ਲੜਕੇ ‘ਤੇ ਜਾਨਲੇਵਾ ਹਮਲਾ ਕਰਨ ਦੇ ਇਲਜ਼ਾਮ ‘ਚ ਵਿਧਾਨ ਸਭਾ ਹਲਕਾ ਉੜਮੁੜ ਟਾਂਂਡਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਗੋਲਡੀ ਪੁੱਤਰ ਭਜਨ ਸਿੰਘ ਵਾਸੀ ਕਲਿਆਣ ਪੁਰ, ਰਾਜੂ ਤੇ ਦੀਪੂ ਪੁੱਤਰ ਚੌਕੀਦਾਰ ਵਾਸੀ ਕਲਿਆਣ ਪੁਰ ਥਾਣਾ ਟਾਂਂਡਾ ਸਮੇਤ ਤਿੰਨ ਲੋਕਾਂ ਖਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਸ ਸਬੰਧੀ ਰੇਲਵੇ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਜਹੂਰਾ ਨੇ ਦੱਸਿਆ ਕਿ ਉਸ ਦੇ ਪਿਤਾ  ਰੇਹੜਾ ਚਲਾਉਂਦੇ ਹਨ ਤੇ ਉਹ ਦੁਬਈ ‘ਚ ਬਤੌਰ ਲੇਬਰ ਕੰਮਕਾਜ ਕਰਦਾ ਸੀ। ਕੋਰੋਨਾ ਲਾਕਡਾਊਨ ਦੌਰਾਨ ਉਹ ਇੰਡੀਆ ਵਾਪਸ ਆਇਆ ਸੀ । 9 ਸਤੰਬਰ ਨੂੰ ਉਹ ਆਪਣੀ ਐਕਟਿਵਾ ‘ਤੇ ਅੱਡਾ ਚੌਲਾਂਗ ਗਿਆ  ਤੇ ਵਾਪਸੀ ਦੌਰਾਨ ਚੌਲਾਂਗ ਰੇਲਵੇ ਫਾਟਕ ‘ਤੇ ਪਹੁੰਚਿਆ ਤਾਂ ਫਾਟਕ ਬੰਦ ਹੋਣ ਕਾਰਨ ਉੱਥੇ ਖੜ੍ਹ ਗਿਆ।

ਇਸ ਮੌਕੇ ਅਚਨਚੇਤ ਪਿੰਡ ਕਲਿਆਣ ਪੁਰ ਦੇ ਦੋ ਲੜਕੇ ਰਾਜੂ ਤੇ ਦੀਪੂ ਆਏ ਤੇ ਲਲਕਾਰਾ ਮਾਰ ਕੇ ਕਿਹਾ ਕਿ ਤੂੰ ਗੋਲਡੀ ਕਲਿਆਣ ਪੁਰ ਦੇ ਖਿਲਾਫ਼ ਚੱਲਦਾ ਹੈਂ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ।

ਸੰਦੀਪ ਵਲੋਂ ਰੌਲਾ ਪਾਉਣ ‘ਤੇ  ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਾਲਤ ਨਾਜ਼ੁਕ ਹੋਣ ‘ਤੇ ਸੰਦੀਪ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਮਖੂਆ ਰੇਲਵੇ ਪੁਲਿਸ ਦੀ ਹੱਦ ਅੰਦਰ ਆਉਣ ਕਾਰਨ ਰੇਲਵੇ ਪੁਲਿਸ ਨੇ ਸੰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਯੂਥ ਕਾਂਗਰਸ ਪ੍ਰਧਾਨ ਸਮੇਤ ਤਿੰਨ ਲੋਕਾਂ ਖਿਲਾਫ ਇਰਾਦਾ ਕਤਲ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

Related posts

Leave a Reply