LATEST NEWS: ਸੁਖਬੀਰ ਬਾਦਲ ਦੀ 100 ਦਿਨ ਦੀ ਪੰਜਾਬ ਯਾਤਰਾ ਨੂੰ ਅੱਜ ਪਹਿਲੇ ਦਿਨ ਹੀ ਗ੍ਰਹਿਣ ਲੱਗਾ

ਜ਼ੀਰਾ: ਬਾਦਲ  ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ 100 ਦਿਨ ਦੀ ਪੰਜਾਬ ਯਾਤਰਾ ਨੂੰ ਅੱਜ ਪਹਿਲੇ ਦਿਨ ਹੀ ਗ੍ਰਹਿਣ ਲੱਗ ਗਿਆ  ਹੈ। ਜ਼ੀਰਾ ਵਿੱਚ ਜਦੋਂ ਉਨ੍ਹਾਂ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਫਿਰੋਜ਼ਪੁਰ ਦੇ ਹਲਕਾ ਜ਼ੀਰਾ ‘ਚ ਪੁਲ ਦੇ ਨਜ਼ਦੀਕ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡਾ ਦਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਫੋਰਸ ਵੀ ਵੱਡੀ ਗਿਣਤੀ ਵਿੱਚ ਪਹੁੰਚ ਗਈ ।

 ਸੁਖਬੀਰ ਬਾਦਲ ਨੇ ਕੱਲ ਸੋਮਵਾਰ ਨੂੰ  ਐਲਾਨ ਕੀਤਾ ਸੀ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੱਲ ਧਿਆਨ ਖਿੱਚਣ ਲਈ ਮੰਗਲਵਾਰ ਤੋਂ 100 ਹਲਕਿਆਂ ਨੂੰ ਕਵਰ ਕਰਦੇ ਹੋਏ 100 ਦਿਨਾਂ ਦੀ ਯਾਤਰਾ ਕਰਨਗੇ। 

ਅੱਜ ਜਿਸ ਤਰੀਕੇ ਨਾਲ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਪਹਿਲੇ ਦਿਨ ਹੀ ਵਿਰੋਧ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਕਿ ਅਕਾਲੀ ਦਲ ਨੂੰ ਕਈ ਮੁਸ਼ਕਲਾਂ ਦੀ ਸਾਹਮਣਾ ਕਰਨਾ ਪਏਗਾ। ਇਸ ਤੋਂ ਪਹਿਲਾਂ ਕੱਲ੍ਹ ਅਕਾਲੀ ਲੀਡਰ ਹਰਸਿਮਰਤ ਬਾਦਲ ਦਾ ਵਿਰੋਧ ਹੋਇਆ ਸੀ। ਇਸ ਨੂੰ ਵੇਖਦਿਆਂ ਅਕਾਲੀ ਦਲ ਨੂੰ ਆਪਣੀ ਰਣਨੀਤੀ ਬਦਲਣੀ ਪੈ ਸਕਦੀ ਹੈ ਨਹੀਂ ਤਾਂ ਪੰਜਾਬ ਵਿੱਚ ਕਿਸਾਨਾਂ ਤੇ ਅਕਾਲੀ ਵਰਕਰਾਂ ਵਿਚਾਲੇ ਟਕਰਾਅ ਵਾਲੇ ਹਾਲਾਤ ਬਣ ਸਕਦੇ ਹਨ।

 ਸੁਖਬੀਰ ਨੇ ਕਾਂਗਰਸ ਤੇ ‘ਆਪ’ ਦੋਵਾਂ ਵਿਰੁੱਧ ਦੋਸ਼ ਪੱਤਰ ਜਾਰੀ ਕੀਤੇ ਹਨ। ਬੀਤੇ ਦਿਨੀਂ ਪਾਰਟੀ ਦੀ ਮੁਹਿੰਮ ‘ਗੱਲ ਪੰਜਾਬ ਦੀ’ ਸ਼ੁਰੂ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਆਪਣੀ 100 ਦਿਨਾਂ ਯਾਤਰਾ ਦੌਰਾਨ 700 ਜਨ ਸਭਾਵਾਂ ਕਰਨਗੇ ਤੇ ਸਮਾਜ ਦੇ ਹਰ ਵਰਗ ਨੂੰ ਸੰਬੋਧਨ ਕਰਨਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੇ ਦੋ ਮੁੱਖ ਉਦੇਸ਼ ਸੀ। ਸਭ ਤੋਂ ਪਹਿਲਾਂ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਭ੍ਰਿਸ਼ਟ ਕੰਮਾਂ ਬਾਰੇ ਜਾਣੂ ਕਰਵਾਉਣਾ। ਦੂਸਰਾ ਲੋਕਾਂ ਤੋਂ ਫੀਡਬੈਕ ਇਕੱਠਾ ਕਰਨਾ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਕਿ ਉਹ ਅਕਾਲੀ-ਬਸਪਾ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ। 

Related posts

Leave a Reply