LATEST UPDATE : ਕੈਪਟਨ ਸਾਹਿਬ ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ

HOSHIARPUR (ADESH PARMINDER SINGH, HIRA MEHTIANA)
ਪੰਜਾਬ ਵਿਧਾਨ ਸਭਾ ਦੀ ਸਬ-ਕਮੇਟੀ ਵੱਲੋਂ ਵਿਧਾਇਕਾਂ ਦੀ ਤਨਖਾਹ ਨੂੰ ਤਕਰੀਬਨ 2.5 ਗੁਣਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ। ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਕਰਕੇ ਪਹਿਲਾਂ ਤੋਂ ਹੀ ਮਾਲੀ ਸੰਕਟ ਨਾਲ ਜੂਝ ਰਹੀ ਸਰਕਾਰ ਉੱਤੇ ਕਰੋੜਾਂ ਰੁਪਏ ਦਾ ਸਾਲਾਨਾ ਵਾਧੂ ਭਾਰ ਪਾਉਣ ਦਾ ਪ੍ਰਸਤਾਅ ਦਿੱਤਾ ਗਿਆ ਹੈ।
 ਪ੍ਰਸਤਾਅ ਵਿੱਚ ਕਿਹਾ ਗਿਆ ਹੈ ਕਿ ਵਿਧਾਇਕਾਂ ਦੀ ਤਨਖਾਹ ਮੌਜੂਦਾ 25,000 ਰੁਪਏ ਤੋਂ ਵਧਾ ਕੇ 55,000 ਰੁਪਏ ਕਰ ਦਿੱਤੀ ਜਾਵੇ। ਇਸ ਦੇ ਨਾਲ ਹੀ ਸਬ-ਕਮੇਟੀ ਵਲੋਂ ਬਿਜਲੀ ਅਤੇ ਪਾਣੀ ਭੱਤਾ 1,000 ਤੋਂ ਵਧ ਕੇ 10,000 ਰੁਪਏ, ਸਕੱਤਰੇਤ ਭੱਤਾ 10,000 ਤੋਂ ਵਧਾ ਕੇ 15,000 ਰੁਪਏ, ਰੋਜ਼ਾਨਾ ਭੱਤਾ 1500 ਤੋਂ ਵਧਾ ਕੇ 1800 ਰੁਪਏ, ਦਫਤਰ ਲਈ ਭੱਤਾ 10,000 ਤੋਂ ਵਧਾ ਕੇ 30,000 ਰੁਪਏ, ਸੁਰੱਖਿਆ ਗੱਡੀਆਂ ਲਈ ਡੀਜ਼ਲ 500 ਲੀਟਰ ਤੋਂ ਵਧਾ ਕੇ 600 ਲੀਟਰ ਅਤੇ ਪੈਟਰੋਲ 300 ਲੀਟਰ ਤੋਂ ਵਧਾ ਕੇ 400 ਲੀਟਰ ਕੀਤੇ ਜਾਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਹੋਰ ਭੱਤੇ ਵਧਾਉਣ ਦਾ ਵੀ ਪ੍ਰਸਤਾਅ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਉਪਰ ਲੱਗਣ ਵਾਲੇ ਆਮਦਨ ਕਰ ਦੀ ਅਦਾਇਗੀ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਹੀ ਕੀਤੀ ਜਾਂਦੀ ਹੈ।

ਹੁਣ ਇਸ ਮਾਮਲੇ ‘ਚ ਨਵਾਂ ਸ਼ਹਿਰ ਦੇ ਨਿਵਾਸੀ ਪਰਵਿੰਦਰ ਸਿੰਘ ਟਿਵਾਣਾ ਨੇ ਮੁੱਖ ਮੰਤਰੀ ਦੇ ਨਾਂ ਇੱਕ ਦਿਲਚਸਪ ਅਤੇ ਵਿਅੰਗਮਈ ਖ਼ਤ ਭੇਜਿਆ ਹੈ ਜਿਸ ‘ਚ ਉਨ੍ਹਾਂ ਨੇ ਵਿਧਾਇਕਾਂ ‘ਤੇ ਆਏ ਆਰਥਿਕ ਸੰਕਟ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਲਈ 500 ਰੁਪਏ ਦਾ ਮਨੀ ਆਰਡਰ ਭੇਜਣ ਦਾ ਦਾਅਵਾ ਕੀਤਾ ਹੈ। ਪੜ੍ਹੋ ਕੀ ਲਿਖਿਆ ਉਨ੍ਹਾਂ ਖ਼ਤ ‘ਚ:

ਸੇਵਾ ਵਿਖੇ
ਕੈਪਟਨ ਅਮਰਿੰਦਰ ਸਿੰਘ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ।
ਵਿਸ਼ਾ: ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹਾਂ/ਭੱਤੇ ਵਧਾਉਣ ਦੇ ਪ੍ਰਸਤਾਵ ਦੇ ਮੱਦੇਨਜ਼ਰ ਵਿਧਾਇਕਾਂ ਲਈ 500 ਰੁਪਏ ਦੀ ਆਰਥਿਕ ਸਹਾਇਤਾ।
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,
ਸਭ ਤੋਂ ਪਹਿਲਾਂ ਮੈਂ ਆਪ ਜੀ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਰੁਝੇਵਿਆਂ ਕਾਰਨ ਮੈਨੂੰ ਪੰਜਾਬ ਦੇ ਵਿਧਾਇਕਾਂ ‘ਤੇ ਆਏ ਆਰਥਿਕ ਸੰਕਟ ਦਾ ਪਤਾ ਨਹੀਂ ਲੱਗ ਸਕਿਆ। ਨਿਸ਼ਚੇ ਹੀ ਵਿਧਾਇਕਾਂ ‘ਤੇ ਸੰਕਟ ਆਇਆ ਹੋਵੇਗਾ ਤਾਂ ਹੀ ਪੰਜਾਬ ਵਿਧਾਨ ਸਭਾ ‘ਚ ਇਨ੍ਹਾਂ ਨੂੰ ਮਿਲਣ ਵਾਲੀ ਰਾਸ਼ੀ ‘ਚ ਚੋਖਾ ਵਾਧਾ ਕਰਨ ਬਾਰੇ ਸੋਚਿਆ ਗਿਆ ਹੈ। ਨਹੀਂ ਤਾਂ ਕਦੀ ਸੁਣਿਆ ਹੈ ਕਿ ਚੁਣੇ ਹੋਏ ਨੁਮਾਇੰਦੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ ‘ਚੋਂ ਦਿੱਤੇ ਟੈਕਸ ਦੀ ਦੁਰਵਰਤੋਂ ਕਰਦੇ ਹੋਣ? ਨਾਲੇ ਪੰਜਾਬ ਦੇ ਨੁਮਾਇੰਦੇ ਜਾਂ ਨੇਤਾ ਤਾਂ ਬਿਲਕੁਲ ਹੀ ਨਹੀਂ ਕਰ ਸਕਦੇ। ਪਿਛਲੀ ਸਰਕਾਰ ਵੇਲੇ ਵੀ ਕਦੇ ਇਸ ਤਰ੍ਹਾਂ ਹੋਇਆ ਸੀ ਕਿ ਸੱਤਾਧਾਰੀ ਪਾਰਟੀਆਂ ਨੇ ਪੈਸੇ ਦੀ ਕੋਈ ਦੁਰਵਰਤੋਂ ਕੀਤੀ ਹੋਵੇ? ਤੁਸੀਂ ਤਾਂ ਸੱਤਾ ਵਿਚ ਆਏ ਹੀ ਹੱਥ ‘ਚ ਗੁਰਬਾਣੀ ਦਾ ਗੁਟਕਾ ਫੜ ਕੇ ਸੀ। ਤੁਸੀਂ, ਤੁਹਾਡੇ ਮੰਤਰੀ ਤੇ ਵਿਧਾਇਕ ਤਾਂ ਲੋਕ ਵਿਰੋਧੀ ਕਿਸੇ ਕੰਮ ਬਾਰੇ ਸੋਚ ਵੀ ਨਹੀਂ ਸਕਦੇ।
ਇਸ ਲਈ ਆਪ ਜੀ ਨੂੰ ਇਸ ਔਖੀ ਘੜੀ ਵਿੱਚ 500 (ਪੰਜ ਸੌ) ਰੁਪਏ ਦਾ ਮਨੀ ਆਰਡਰ ਕੀਤਾ ਹੈ, ਇਸ ਨੂੰ ਪਰਵਾਨ ਕਰ ਲੈਣਾ। ਸੱਚ ਦੱਸ ਦਿਆਂ ਜੀ ਇਹ ਸਾਰੇ ਪੈਸੇ ਮੇਰੇ ਨਹੀਂ ਹਨ। ਇਸ ‘ਚ ਬੀ.ਟੈੱਕ. ਦੀ ਪੜ੍ਹਾਈ ਕਰ ਰਹੇ ਉਸ ਵਿਦਿਆਰਥੀ ਦਾ ਵੀ ਹਿੱਸਾ ਹੈ ਜਿਹੜਾ ਹਰ ਛੁੱਟੀ ‘ਤੇ ਮਜ਼ਦੂਰੀ ਕਰਦਾ ਹੈ ਤੇ ਇੰਨੀ ਠੰਢ ‘ਚ ਵੀ ਉਸ ਦੇ ਪੈਰੀਂ ਸਿਰਫ ਚੱਪਲਾਂ ਹੀ ਹੁੰਦੀਆਂ ਹਨ। ਸਾਡੇ ਲਾਗੇ ਚਾਹ ਦੀ ਰੇੜ੍ਹੀ ਲਾਉਂਦੇ ਅਸ਼ੋਕ ਦਾ ਵੀ ਇਸ ‘ਚ ਹਿੱਸਾ ਹੈ। ਜਦੋਂ ਉਸ ਨੇ ਤੁਹਾਡੇ ਲਈ ਪੈਸੇ ਕੱਢੇ ਤਾਂ ਉਹ ਮੈਨੂੰ ਵੱਡਾ ਰਾਜਾ ਅਸ਼ੋਕ ਲੱਗਿਆ। ਗੰਨੇ ਦਾ ਰਸ ਵੇਚਦੀ ਕਿਸੇ ਹੋਰ ਰਾਜ ਤੋਂ ਆਈ ਇੱਕ ਬੀਬੀ ਦਾ ਵੀ ਇਸ ‘ਚ ਹਿੱਸਾ ਹੈ। ਇੱਕ ਰਿਕਸ਼ੇ ਵਾਲੇ ਨੇ ਵੀ ਕੁਝ ਪੈਸੇ ਦਿੱਤੇ ਨੇ। ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਇੱਕ ਹੋਰ ਸੱਜਣ ਨੇ ਵੀ ਇਸ ‘ਚ ਯੋਗਦਾਨ ਪਾਇਆ ਹੈ। 42000 ਤੋਂ 15300 ਤਨਖਾਹ ਲੈਣ ਲੱਗੀ ਇੱਕ ਸਰਕਾਰੀ ਅਧਿਆਪਕਾ ਨੇ ਵੀ ਵਿਧਾਇਕਾਂ ਦੇ ਸੰਕਟ ਸਮੇਂ ਉਨ੍ਹਾਂ ਦਾ ਸਾਥ ਦੇਣ ਤੋਂ ਨਾਂਹ ਨਹੀਂ ਕੀਤੀ।
ਅਸੀਂ ਹੋਰ ਪੈਸੇ ਇਕੱਠੇ ਕਰਕੇ ਵੀ ਭੇਜਾਂਗੇ। ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ, ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਗਭਰੂਆਂ, ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਪੰਜਾਬ ਦੇ ਹੋਰ ਬਹੁਤ ਸਾਰੇ ਬੇਵਸ ਲੋਕ ਹਨ ਜੋ ਸਾਡਾ ਸਾਥ ਦੇਣਗੇ। ਬਸ ਤੁਸੀਂ ਖਿਆਲ ਰੱਖਣਾ ਕਿ ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ।
ਧੰਨਵਾਦ ਸਹਿਤ।
ਪਰਵਿੰਦਰ ਸਿੰਘ ਕਿੱਤਣਾ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਕੈਪਟਨ ਸਾਹਿਬ  ਵਿਧਾਇਕਾਂ ਦੀ ਤਨਖਾਹ ਨਾ ਵਧਾੳ ਬਲਕਿ 15 ਹਜਾਰ ਰੁਪਏ ਹੋਰ ਘਟਾ ਦੇਣੇ ਚਾਹੀਦੇ ਹਨ। ਵਿਧਾਇਕਾਂ ਨੂੰ ਜਿਹੜਾ 15 ਹਜਾਰ ਟੈਲੀਫੋਨ ਭੱਤਾ ਮਿਲਦਾ ਹੈ ਉਹ ਜਨਤਾ ਤੇ ਵਾਧੂ ਬੋਝ ਹੈ ਕਿਉਂਕਿ ਹੁਣ ਮੋਬਾਈਲ ਫੋਨ ਅੰਬਾਨੀ ਭਰਾਵਾਂ ਨੇ ਬਹੁਤ ਸਸਤੇ ਕਰ ਦਿੱਤੇ ਹਨ। ਸਿਰਫ ਪ੍ਰਤੀ ਮਾਹ 125 ਰੁਪਏ ਚ ਅਨਲਿਮਟਡ ਡਾਟਾ ਮਿਲ ਰਿਹਾ ਹੈ। ਜਿੱਨੀ ਮਰਜੀ ਲੰਬੀ ਗੱਲ ਚਾਹੋ ਤਾਂ ਕੀਤੀ ਜਾ ਸਕਦੀ ਤੇ ਭਾਵੇਂ ਵਟਸ-ਅੱਪ ਤੇ ਮੈਸਜ ਵੀ ਭੇਜੀ ਜਾਵੋ ਤੇ ਫਿਰ ਵਿਧਾਇਕਾਂ ਨੂੰ ਵਾਧੂ 15 ਹਜਾਰ ਰੁਪਏ ਕਿਉਂ ਦੇ ਰਹੇ ਹੋ। ਇੱਕ ਗੱਲ ਹੋਰ, ਜਿਆਦਾਤਰ ਵਿਧਾਇਕ ਫੋਨ ਤੇ ਗੱਲਬਾਤ ਵੀ ਘੱਟ ਹੀ ਕਰਦੇ ਹਨ। ਤੁਸੀਂ ਆਪਣੇ ਕਿਸੇ ਸੱਜਣ ਮਿੱਤਰ ਦੇ ਫੋਨ ਤੋਂ ਵਿਧਾਇਕਾਂ ਨਾਲ ਗੱਲਬਾਤ ਕਰੋ ਤਾਂ ਤੁਸੀਂ ਵੀ ਹੈਰਾਨ ਹੋ ਜਾਉਗੇ ਕਿ ਜਿਆਦਾਤਰ ਵਿਧਾਇਕਾਂ ਦੇ ਫੋਨ ਕਾਲ ਡਿਵਰਟ ਤੇ ਲੱਗੇ ਹੁੰਦੇ ਹਨ। ਕੁਝ ਅਜਿਹੇ ਵੀ ਹਨ ਜਿਹੜੇ ਆਮ ਲੋਕਾਂ ਦਾ ਫੋਨ ਹੀ ਨਹੀਂ ਚੁੱਕਦੇ ਬਲਕਿ ਵਿਅਸਤ ਰਹਿੰਦੇ ਹਨ। ਇੱਕ ਗੱਲ ਹੋਰ ਵੀ ਹੈ ਕਿ ਵਿਧਾਇਕਾਂ ਦਾ ਕੋਈ ਖਾਸ ਖਰਚਾ ਵੀ ਨਹੀਂ ਹੁੰਦਾ, ਜਨਤਾ ਦੇ ਇਹ ਸੇਵਾਦਾਰ ਜਿੱਥੇ ਵੀ ਜਾਂਦੇ ਹਨ, ਚਾਹ-ਪਾਣੀ ਦੀ ਸੇਵਾ ਲੋਕ ਵੈਸੇ ਹੀ ਕਰ ਦਿੰਦੇ ਹਨ। ਕੈਪਟਨ ਸਾਹਿਬ ਜੇ ਤਨਖਾਹ ਵਧਾਉਣੀ ਹੈ ਤਾਂ ਅਧਿਆਪਕਾਂ ਦੀ ਵਧਾੳ ਕਿਉਂਕਿ ਸਮਾਜ ਦੇ ਅਸਲੀ ਸਿਰਜਕ ਤਾਂ ਅਧਿਆਪਕ ਹੀ ਹਨ। ਇਹ ਗੱਲ ਕੋਈ ਬਣਦੀ ਨਹੀਂ ਕਿ ਅਧਿਆਪਕਾਂ ਦੀ ਤਨਖਾਹ ਅੱਧੀ ਕਰ ਦਿੱਤੀ ਜਾਵੇ ਤੇ ਵਿਧਾਇਕਾਂ ਦੀ ਤਨਖਾਹ ਦੁਗਣੀ ਕਰਨ ਤੇ ਵਿਚਾਰਾਂ ਹੋਣ। 90 ਹਜਾਰ ਰੁਪਏ ਮਹੀਨਾ ਵਿਧਾਇਕਾਂ ਦੀ ਤਨਖਾਹ ਬਹੁਤ ਹੈ ਹੁਣ ਇਹ 2 ਲੱਖ ਕਿਉਂ ਮੰਗੀ ਜਾ ਰਹੇ ਹਨ।

Related posts

Leave a Reply