ਬਟਾਲਾ, 7 ਫਰਵਰੀ ( NYYAR,SHARMA)- ਬਾਗਬਾਨੀ ਵਿਭਾਗ ਨੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜਦ ਕੋਰੇ ਦਾ ਮੌਸਮ ਖ਼ਤਮ ਹੋ ਜਾਵੇ ਤਾਂ ਦੁਪਹਿਰ ਤੋਂ ਬਾਅਦ ਬੈਂਗਣ ਦੇ ਬੂਟਿਆਂ ਉਪਰੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਓ। ਇੱਕ ਹਫ਼ਤੇ ਬਾਅਦ 55 ਕਿਲੋ ਯੂਰੀਆ ਖਾਦ ਪਾਉ ਅਤੇ ਬੂਟਿਆਂ ਦੇ ਮੁੱਢਾਂ ਤੇ ਮਿੱਟੀ ਵੀ ਚੜ੍ਹਾ ਦਿਓ। ਇਹ ਸਲਾਹ ਦਿੰਦਿਆਂ ਬਟਾਲਾ ਦੇ ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਦਾਬਹਾਰ, ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤ ਵਿੱਚ 10 ਟਨ ਰੂੜੀ ਪਾਓ ਅਤੇ 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾ ਦਿਓ। ਹਫ਼ਤੇ ਬਾਅਦ ਖਾਲੀ ਥਾਂ ਭਰ ਦਿਉ ਅਤੇ ਪਾਣੀ ਦੇ ਦਿਓ ।
ਬਾਗਬਾਨੀ ਅਫ਼ਸਰ ਨੇ ਕਿਹਾ ਕਿ ਫਰਵਰੀ ਮਹੀਨੇ ਦੌਰਾਨ ਭਿੰਡੀ ਦੇ ਖੇਤ ਤਿਆਰ ਕਰਕੇ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਟਾਂ ਬਣਾ ਕੇ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਭਿੰਡੀ ਦੇ ਬੀਜ 45 ਸੈਟੀਂਮੀਟਰ ਵੱਟਾਂ ਦੇ ਫ਼ਾਸਲੇ ਤੇ 15 ਸੈਟੀਂਮੀਟਰ ਦੀ ਦੂਰੀ ਤੇ ਬੀਜ ਦਿਓ। ਵੱਟਾਂ ਤੇ ਬੀਜ ਜਲਦੀ ਉੱਗਣਗੇ ਅਤੇ ਵਧੀਆ ਫ਼ਸਲ ਹੋਵੇਗੀ। ਇਸ ਸਮੇਂ ਬੀਜਣ ਲਈ ਪੰਜਾਬ ਸੁਹਾਵਨੀ, ਪੰਜਾਬ ਪਦਮਨੀ, ਪੰਜਾਬ-7 ਅਤੇ ਪੰਜਾਬ-8 ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਰੇ ਦਾ ਮੌਸਮ ਖ਼ਤਮ ਹੋਣ ’ਤੇ ਦੁਪਹਿਰ ਤੋਂ ਬਾਅਦ ਟਮਾਟਰ ਦੇ ਬੂਟਿਆਂ ਤੋਂ ਸਰਕੰਡਾ ਅਤੇ ਪਲਾਸਟਿਕ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇੱਕ ਹਫ਼ਤੇ ਬਾਅਦ ਇਕ ਕਿਲੋ ਕਿਸਾਨ ਖਾਦ ਪ੍ਰਤੀ ਏਕੜ ਦੇ ਹਿਸਾਬ ਪਾਉ। ਗੋਡੀ ਨਾਲ ਨਦੀਨ ਖ਼ਤਮ ਕਰ ਦਿਉ ਅਤੇ ਬੂਟਿਆਂ ਦੇ ਮੁੱਢਾਂ ਤੇ 7 ਤੋਂ 10 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਜੇਕਰ ਪਿਛੇਤੇ ਝੁਲਸ ਰੋਗ ਦਾ ਜ਼ਿਆਦਾ ਹਮਲਾ ਹੋਣ ਦੀ ਸ਼ੰਕਾ ਹੋਵੇ ਤਾਂ ਇਸ ਦੀ ਰੋਕਥਾਮ ਲਈ ਫ਼ਸਲ ਨੂੰ ਫ਼ਰਵਰੀ ਦੇ ਅੱਧ ਵਿੱਚ ਰਿਡੋਮਿਲ ਗੋਲਡ 500 ਗ੍ਰਾਮ ਦਾ ਛਿੜਕਾਅ ਕਰੋ ਅਤੇ ਫਿਰ ਤਿੰਨ ਛਿੜਕਾਅ ਇੰਡੋਫ਼ਿਲ ਐਮ45, 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ 7 ਦਿਨਾਂ ਦੇ ਵਕਫ਼ੇ ਤੇ ਕਰੋ।
ਬਾਗਬਾਨੀ ਅਫ਼ਸਰ ਬਟਾਲਾ ਨੇ ਦੱਸਿਆ ਕਿ ਜਾਮਨੀ ਧੱਬਿਆਂ ਦੀ ਬੀਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ ਨੂੰ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਓ। ਇਹ ਛਿੜਕਾਅ ਤਦ ਹੀ ਕਰੋ ਜਦੋਂ ਬੀਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਣ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp