LATEST NEWS: ਸੁਖਜਿੰਦਰ ਸਿੰਘ ਰੰਧਾਵਾ ਨੇ ਕੋਵਿਡ ਮਹਾਂਮਾਰੀ ’ਤੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਪ੍ਰਧਾਨ ਦੀ ਕੀਤੀ ਕਰੜੀ ਆਲੋਚਨਾ READ MORE: CLICK HERE::

ਸੁਖਜਿੰਦਰ ਸਿੰਘ ਰੰਧਾਵਾ ਨੇ ਕੋਵਿਡ ਮਹਾਂਮਾਰੀ ’ਤੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਪ੍ਰਧਾਨ ਦੀ ਕੀਤੀ ਕਰੜੀ ਆਲੋਚਨਾ
ਕਾਂਗਰਸੀ ਮੰਤਰੀ ਨੇ ਸੁਖਬੀਰ ਦੇ ਬਿਆਨ ਨੂੰ ਫਰੰਟਲਾਈਨ ਸਿਹਤ ਕਾਮਿਆਂ ਦਾ ਮਨੋਬਲ ਡੇਗਣ ਦੀ ਕੋਝੀ ਚਾਲ ਕਰਾਰ ਦਿੱਤਾ
ਸੁਖਬੀਰ ਬਾਦਲ ਵੱਲੋਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਅਫਵਾਹਾਂ ਵਿੱਚ ਆਏ ਮਾਸੂਮ ਪਿੰਡ ਵਾਸੀਆਂ ਦਾ ਸਹਾਰਾ ਲੈਣਾ ਅਤਿ ਸ਼ਰਮਨਾਕ ਤੇ ਨਿੰਦਣਯੋਗ ਕਾਰਾ
ਕੋਵਿਡ ਨਾਲ ਨਜਿੱਠਣ ਲਈ ਸੂਬੇ ਦਾ ਸਿਹਤ ਵਿਭਾਗ ਪੂਰੀ ਤਰਾਂ ਸਮਰੱਥ
ਚੰਡੀਗੜ, 1 ਸਤੰਬਰ:
ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਕੋਵਿਡ-19 ਨਾਲ ਜੂਝ ਰਹੇ ਸੂਬਾ ਸਰਕਾਰ ਦਾ ਸਾਥ ਦੇਣ ਦੀ ਬਜਾਏ ਇਸ ਮਹਾਂਮਾਰੀ ’ਤੇ ਸਿਆਸੀ ਰੋਟੀਆਂ ਸੇਕਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੜੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਆਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਅਫਵਾਹਾਂ ਦਾ ਸ਼ਿਕਾਰ ਹੋਏ ਮਾਸੂਮ ਪਿੰਡ ਵਾਸੀਆਂ ਦਾ ਸਹਾਰਾ ਲੈਣਾ ਅਤਿ ਸ਼ਰਮਾਨਕ ਤੇ ਨਿੰਦਣਯੋਗ ਕਾਰਾ ਹੈ। ਉਨਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਸੂਬੇ ਨਾਲ ਇੰਨਾ ਹੀ ਹੇਜ ਹੈ ਤਾਂ ਆਪਣੀ ਹੀ ਭਾਈਵਾਲ ਦੀ ਕੇਂਦਰ ਸਰਕਾਰ ਤਰਫੋਂ ਸੂਬਾ ਸਰਕਾਰ ਦੀ ਮੱਦਦ ਲਈ ਦਬਾਅ ਕਿਉ ਨਹੀਂ ਬਣਾਉਦਾ। ਪੰਜਾਬ ਤੋਂ ਅਕਾਲੀ ਦਲ ਦੇ ਦੋਵੇਂ ਪਤੀ-ਪਤਨੀ ਲੋਕ ਸਭਾ ਮੈਂਬਰ ਕੇਂਦਰ ਕੋਲੋਂ ਕੁੱਝ ਮੰਗਣ ਦੀ ਬਜਾਏ ਹਰ ਵੇਲੇ ਬਿਨਾਂ ਕਿਸੇ ਗੱਲ ਤੋਂ ਸੂਬਾ ਸਰਕਾਰ ਨੂੰ ਭੰਡਣ ਦਾ ਮੌਕਾ ਹੀ ਲੱਭਦੇ ਰਹਿੰਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੰਗਲਵਾਰ ਨੂੰ ਕੋਵਿਡ-19 ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨਿੰਦਣ ਵਾਲੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਅੱਜ ਜਦੋਂ ਨਾ ਸਿਰਫ ਪੂਰਾ ਦੇਸ਼ ਬਲਕਿ ਕੁੱਲ ਦੁਨੀਆਂ ਇਸ ਮਹਾਂਮਾਰੀ ਦੇ ਭਿਆਨਕ ਸੰਕਟ ਵਿੱਚ ਘਿਰੀ ਹੋਈ ਹੈ ਤਾਂ ਸੁਖਬੀਰ ਸਿੰਘ ਬਾਦਲ ਸਿਆਸੀ ਮੁਫਾਦਾਂ ਖਾਤਰ ਆਪਣੀ ਬਿਆਨਬਾਜ਼ੀ ਕਰਨੋਂ ਨਹੀਂ ਹਟ ਰਿਹਾ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਉਤੇ ਸ਼ੱਕ ਪ੍ਰਗਟਾ ਕੇ ਸੁਖਬੀਰ ਬਾਦਲ ਨੇ ਮੂਹਰਲੀ ਕਤਾਰ ਵਿੱਚ ਕੋਵਿਡ ਖਿਲਾਫ ਲੜ ਰਹੇ ਡਾਕਟਰਾਂ ਤੇ ਸਿਹਤ ਸਟਾਫ ਦਾ ਹੌਸਲਾ ਪਸਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦਾ ਪ੍ਰਧਾਨ ਗੈਰ ਜ਼ਿੰਮੇਵਾਰਾਨਾ ਰੋਲ ਨਿਭਾਉਦਾ ਹੋਇਆ ਸੰਕਟ ਦੀ ਘੜੀ ਵਿੱਚ ਵੀ ਆਪਣਾ ਰਾਜਸੀ ਏਜੰਡਾ ਅੱਗੇ ਵਧਾ ਰਿਹਾ ਹੈ।
ਸ. ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਆਪਣੇ ਵਰਕਰਾਂ ਨੂੰ ਪਿੰਡਾਂ ਕੋਵਿਡ-19 ਬਾਰੇ ਸਹੀ ਜਾਣਕਾਰੀ ਲਈ ਜਾਗਰੂਕ ਕਰਨ ਅਤੇ ਸਿਹਤ ਕਾਮਿਆਂ ਦਾ ਸਹਿਯੋਗ ਕਰਨ ਲਈ ਕਹਿੰਦਾ ਤਾਂ ਜੋ ਲੱਛਣ ਪਾਏ ਜਾਣ ਵਾਲੇ ਮਰੀਜ਼ ਦਾ ਤੁਰੰਤ ਟੈਸਟ ਕਰਵਾਉਣ ਉਪਰੰਤ ਇਲਾਜ ਸ਼ੁਰੂ ਹੋ ਜਾਵੇ ਪ੍ਰੰਤੂ ਅਕਾਲੀ ਦਲ ਵੱਲੋਂ ਸਿਆਸੀ ਰੋਟੀਆਂ ਸੇਕਦਿਆਂ ਮਾਸੂਮ ਪਿੰਡ ਵਾਸੀਆਂ ਨੂੰ ਸੂਬਾ ਸਰਕਾਰ ਖਿਲਾਫ ਭੜਕਾਇਆ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਵੱਲੋਂ ਹਸਪਤਾਲਾਂ ਵਿੱਚ ਦਾਖਲ ਹੋਣ ਸਬੰਧੀ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਸਹਾਰਾ ਲੈਣ ਵਾਲੇ ਅਕਾਲੀ ਦਲ ਪ੍ਰਧਾਨ ਨੇ ਇਸ ਮਹਾਂਮਾਰੀ ਨੂੰ ਵੀ ਆਪਣੀ ਰਾਜਨੀਤੀ ਚਮਕਾਉਣ ਦਾ ਜ਼ਰੀਆ ਸਮਝਿਆ ਹੈ।
ਸ. ਰੰਧਾਵਾ ਨੇ ਸੂਬਾ ਸਰਕਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਨਾਲ ਨਜਿੱਠ ਰਹੀ ਹੈ ਅਤੇ ਅੰਗ ਕੱਢੇ ਜਾਣ ਦੇ ਡਰ ਤੋਂ ਲੋਕਾਂ ਨੂੰ ਹਸਪਤਾਲਾਂ ਵਿੱਚ ਨਾ ਜਾਣ ਸਬੰਧੀ ਝੂਠੇ ਸੰਦੇਸ਼ ਫੈਲਾਉਣ ਵਾਲੇ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਗਿ੍ਰਫਤਾਰ ਵੀ ਕੀਤਾ ਹੈ। ਅਜਿਹੇ ਵੇਲੇ ਸੁਖਬੀਰ ਦਾ ਬਿਆਨ ਸੂਬਾ ਸਰਕਾਰ ਦੀ ਕੋਵਿਡ ਖਿਲਾਫ ਜੰਗ ਨੂੰ ਕਮਜ਼ੋਰ ਕਰਨ ਦੀ ਕੋਝੀ ਚਾਲ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਬਿਨਾਂ ਲੱਛਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਘਟਾਉਣ ਲਈ ਘਰੇਲੂ ਇਕਾਂਤਵਾਸ ਨੂੰ ਉਤਸ਼ਾਹਤ ਕਰ ਰਹੀ ਹੈ। ਉਨਾਂ ਕਿਹਾ ਕਿ ਸਿਰਫ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕੀਤੇ ਜਾਣ ਦੀ ਲੋੜ ਹੈ। ਉਨਾਂ ਕਿਹਾ ਕਿ ਜਿਹੜੇ ਮਰੀਜ਼ ਘਰੇਲੂ ਇਕਾਂਤਵਾਸ ਵਿਚ ਨਹੀਂ ਰਹਿ ਸਕਦੇ ਉਹ ਆਪਣੀ ਸਹੂਲਤ ਅਨੁਸਾਰ ਨਿੱਜੀ ਸੇਵਾਵਾਂ ਜਾਂ ਮੁਫਤ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਦੇ ਹਨ।
ਸ. ਰੰਧਾਵਾ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਸੂਬਾ ਸਰਕਾਰ ਨੇ ਆਪਣੀ ਤਾਕਤ ਝੋਕ ਕੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦਾ ਸਬੂਤ ਹੈ ਕਿ ਕੋਵਿਡ ਦੇ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਦੇਸ਼ ਦੇ ਹੋਰਨਾਂ ਰਾਜਾਂ ਨਾਲੋਂ ਕਾਬੂ ਹੇਠ ਹੈ। ਉਨਾਂ ਕਿਹਾ ਕਿ ਇਸ ਮਹਾਂਮਾਰੀ ਦੀ ਚਪੇਟ ਤੋਂ ਅਮਰੀਕਾ, ਯੂਰੋਪੀਅਨ ਜਿਹੇ ਵਿਕਸਤ ਪੱਛਮੀ ਮੁਲਕ ਵੀ ਨਹੀਂ ਬਚ ਸਕੇ ਪ੍ਰੰਤੂ ਉਥੋਂ ਦੀਆਂ ਵਿਰੋਧੀ ਪਾਰਟੀਆਂ ਨੇ ਕਦੇ ਵੀ ਆਪਣੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਭੰਡਿਆ ਨਹੀਂ। ਉਨਾਂ ਕਿਹਾ ਕਿ ਪੰਜਾਬ ਨੇ ਕੋਵਿਡ ਖਿਲਾਫ ਆਪਣੀ ਜੰਗ ਨੂੰ ਤੇਜ਼ ਕਰਦਿਆਂ ਟੈਸਟਿੰਗ ਵੀ ਵਧਾਈ ਹੈ ਅਤੇ ਤਿੰਨ ਪਲਾਜ਼ਮਾ ਬੈਂਕ ਵੀ ਸਥਾਪਤ ਕੀਤੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 10,62,667 ਟੈਸਟ ਹੋ ਚੁੱਕੇ ਹਨ ਅਤੇ ਕੁੱਲ 53,992 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਜਿਨਾਂ ਵਿੱਚੋਂ 37027 ਤੰਦਰੁਸਤ ਹੋ ਚੁੱਕੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਬੇਮਿਸਾਲ ਕੰਮ ਕਰ ਰਿਹਾ ਹੈ ਅਤੇ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਸਿਹਤ ਕਾਮਿਆਂ ਦਾ ਮਨੋਬਲ ਡੇਗਣ ਵਾਲੇ ਕਿਸੇ ਵੀ ਆਗੂ ਦੇ ਰਵੱਈਏ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦਾ ਸਖਤ ਵਿਰੋਧ ਕਰਦੀ ਹੈ।

Related posts

Leave a Reply