ਤ੍ਰਿਪਤ ਬਾਜਵਾ ਵਲੋਂ ਬਟਾਲਾ ਸ਼ਹਿਰ ਦੇ ਗੇਟਾਂ ਦੀ ਵਿਰਾਸਤੀ ਦਿੱਖ ਨੂੰ ਬਹਾਲ ਕਰਨ ਦੇ ਨਿਰਦੇਸ਼


ਵਿਰਾਸਤੀ ਗੇਟਾਂ ਉੱਪਰ ਇਸ਼ਤਿਹਾਰ ਜਾਂ ਹੋਰਡਿੰਗ ਬੋਰਡ ਲਗਾਉਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ


ਬਟਾਲਾ ਦੇ ਚੱਕਰੀ ਬਜ਼ਾਰ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇਗਾ – ਤ੍ਰਿਪਤ ਬਾਜਵਾ


ਬਟਾਲਾ, 19 ਸਤੰਬਰ (ਅਵਿਨਾਸ਼ ਸ਼ਰਮਾ /ਸੰਜੀਵ ਨਈਅਰ  ) : ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਹਦਾਇਤ ਕੀਤੀ ਹੈ ਕਿ ਸ਼ੇਰਾਂ ਵਾਲੇ ਦਰਵਾਜ਼ੇ ਸਮੇਤ ਬਟਾਲਾ ਸ਼ਹਿਰ ਦੇ ਜਿਨ੍ਹੇ ਵੀ ਇਤਿਹਾਸਕ ਦਰਵਾਜ਼ੇ ਹਨ ਉਨ੍ਹਾਂ ਦੀ ਵਿਰਾਸਤੀ ਦਿੱਖ ਨੂੰ ਬਹਾਲ ਕੀਤਾ ਜਾਵੇ। ਸ. ਬਾਜਵਾ ਬੀਤੀ ਸ਼ਾਮ ਚੱਕਰੀ ਬਜ਼ਾਰ ਵਿੱਚ ਦੁਕਾਨਦਾਰਾਂ ਦੀਆਂ ਬਜ਼ਾਰ ਸਬੰਧੀ ਮੁਸ਼ਕਲਾਂ ਨੂੰ ਸੁਣਨ ਲਈ ਓਥੇ ਪਹੁੰਚੇ ਹੋਏ ਸਨ।


ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਜਿਨ੍ਹੇ ਵੀ ਵਿਰਾਸਤੀ ਗੇਟ ਹਨ ਉਨ੍ਹਾਂ ਉੱਪਰ ਲੱਗੇ ਹਰ ਤਰ੍ਹਾਂ ਦੇ ਇਸ਼ਤਿਹਾਰ ਅਤੇ ਹੋਰਡਿੰਗ ਬੋਰਡ ਹਟਾਏ ਜਾਣ ਤਾਂ ਜੋ ਇਨ੍ਹਾਂ ਗੇਟਾਂ ਦੀ ਵਿਰਾਸਤੀ ਦਿੱਖ ਖਰਾਬ ਨਾ ਹੋਵੇ। ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਇਨ੍ਹਾਂ ਗੇਟਾਂ ਉੱਪਰ ਇਸ਼ਤਿਹਾਰ ਜਾਂ ਹੋਰਡਿੰਗ ਲਗਾਉਂਦਾ ਹੈ ਤਾਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਗੇਟਾਂ ਉੱਪਰੋਂ ਫਾਲਤੂ ਦੀਆਂ ਤਾਰਾਂ ਵੀ ਹਟਾਈਆਂ ਜਾਣ।


ਇਸ ਉਪਰੰਤ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਚੱਕਰੀ ਬਜ਼ਾਰ ਵਿੱਚ ਅਸ਼ੋਕ ਲੂਥਰਾ ਜਿਊਲਰ ਅਤੇ ਹੋਰ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਚੱਕਰੀ ਬਜ਼ਾਰ ਦੇ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ। ਸ. ਬਾਜਵਾ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬਜ਼ਾਰ ਵਿੱਚ ਪਾਣੀ ਦੀ ਨਿਕਾਸੀ ਦਾ ਹੱਲ ਕੱਢਿਆ ਜਾਵੇਗਾ ਜਿਸ ਲਈ ਉਨ੍ਹਾਂ ਸੀਵਰੇਜ ਬੋਰਡ ਦੇ ਐੱਸ.ਡੀ.ਓ. ਨੂੰ ਇਸ ਸਬੰਧੀ ਐਸਟੀਮੇਟ ਤਿਆਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਚੱਕਰੀ ਬਜ਼ਾਰ ਵਿਚੋਂ ਲੰਘਦੀਆਂ ਬਿਜਲੀ, ਟੈਲੀਫੋਨ ਅਤੇ ਕੇਬਲ ਦੀਆਂ ਤਾਰਾਂ ਦਾ ਵੀ ਹੱਲ ਕੀਤਾ ਜਾਵੇਗਾ।

ਸ. ਬਾਜਵਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਚੱਕਰੀ ਬਜ਼ਾਰ ਬਟਾਲਾ ਸ਼ਹਿਰ ਦਾ ਮੁੱਖ ਬਜ਼ਾਰ ਰਿਹਾ ਹੈ ਅਤੇ ਇਸ ਬਜ਼ਾਰ ਨੂੰ ਖੂਬਸੂਰਤ ਬਣਾ ਕੇ ਇਸਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇਗਾ।ਇਸ ਮੌਕੇ ਸ. ਬਾਜਵਾ ਨੇ ਚੱਕਰੀ ਬਜ਼ਾਰ ਵਿੱਚ ਵੱਖ-ਵੱਖ ਦੁਕਾਨਦਾਰਾਂ ਕੋਲ ਪਹੁੰਚ ਕੇ ਉਨ੍ਹਾਂ ਨਾਲ ਗੱਲ-ਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਚੇਅਰਮੈਨ ਕਸਤੂਰੀ ਲਾਲ ਸੇਠ, ਸੁਖਦੀਪ ਸਿੰਘ ਤੇਜਾ, ਅਸ਼ੋਕ ਲੂਥਰਾ, ਗੌਤਮ ਸੇਠ ਗੁੱਡੂ, ਰਮੇਸ਼ ਵਰਮਾਂ ਤੇ ਹੋਰ ਵਰਕਰ ਵੀ ਹਾਜ਼ਰ ਸਨ।

Related posts

Leave a Reply