OPEN POEM : ਮੁਲਕ ਮੇਰੇ ਵਿਚ ਧਰਮ ਬੜੇ ਨੇ,ਵਹਿਮ ਬੜੇ ਨੇ ਭਰਮ ਬੜੇ ਨੇ :: CLICK HERE TO READ MORE

ਮੁਲਕ ਮੇਰੇ ਵਿਚ ਧਰਮ ਬੜੇ ਨੇ,ਵਹਿਮ ਬੜੇ ਨੇ ਭਰਮ ਬੜੇ ਨੇ

ਬਾਬੇ ਬਹਿ ਕੇ ਧੂਣਾ ਕਰਦੇ,
ਕੁੱਜਿਆਂ ਵਿਚ ਕਈ ਟੂਣਾ ਕਰਦੇ..


ਵਿਆਹ ਜਾਂ ਤਲਾਕ ਨੀ ਹੁੰਦਾ,
ਮੰਤਰ ਜਪੋ ਜੇ ਜਵਾਕ ਨੀ ਹੁੰਦਾ,
ਮੰਦਰ ਟੱਲ ਖੜਕਾ ਕੇ ਜਾਇਓ,
ਜੁੱਤੀ ਉੱਤੇ ਨਾ ਜੁੱਤੀ ਚੜ੍ਹਾਇਓ…


ਗੰਢਾਂ ਮਾਰ ਕੇ ਰੱਖੇ ਧਾਗੇ,
ਭੂਤ ਪ੍ਰੇਤ ਨਾ ਆਵੇ ਲਾਗੇ,
ਸੁੱਖਾਂ ਸੁੱਖ ਕੇ ਕੰਮ ਬਣਾ ਲਓ,
ਪੰਜ ਸੱਤ ਫੇਰ ਮੱਸਿਆ ਨ੍ਹਾ ਲਓ…


ਬਰਕਤ ਘਰ ਚੋਂ ਭੱਜ ਜਾਏਗੀ,
ਮਾਇਆ ਪਰਦੇ ਕੱਜ ਜਾਏਗੀ,
ਕਹਿੰਦੀ ਵਾਹਲਾ ਪਾਹੜੂ ਬੀਬੀ,
ਨਾ ਰਾਤੀਂ ਫੇਰਿਓ ਝਾੜੂ ਬੀਬੀ…


ਵੀਰਵਾਰ ਨੂੰ ਸਿਰ ਨੀ ਨਹੁਣਾ,
ਕਾਲਾ ਸੂਟ ਨਹੀਂ ਜੇਠੇ ਪਾਉਣਾ,
ਕਹਿੰਦੀ ਬੀਬੀ ਗਿਆਨ ਵਧਾਇਓ,
ਸ਼ਿੱਕ ਮਾਰੇ ਤੇ ਰੁੱਕ ਕੇ ਜਾਇਓ…


ਪੌਣ ਵਿਚ ਨਾ ਕੰਮ ਤੇ ਜਾਈਏ,
ਮੰਜਾ ਕਦੇ ਨਾ ਪੁੱਠਾ ਡਾਈਏ,
ਕਹਿੰਦੀ ਸਿਆਣੀ ਗੱਲ ਸੁਣ ਅੜੀਏ,
ਮਾਂਜਾ ਵੀ ਕਦੇ ਖੜਾ ਨਾ ਕਰੀਏ…


ਨਜ਼ਰ ਪੱਟਣ ਲਈ ਟੁੱਟਾ ਛਿੱਤਰ,
ਮਿਰਚਾਂ ਵਾਰੋ ਤੇ ਨਜ਼ਰਾਂ ਤਿੱਤਰ,
ਮੰਗਲ ਮਿਲੇ ਤਾਂ ਚੰਗਾ ਰਿਸ਼ਤਾ,
ਨਹੀਂ ਤੋੜੇ ਅੜਾ ਕੇ ਟੰਗਾਂ ਰਿਸ਼ਤਾ…


ਭੁੱਖੇ ਰਹਿ ਕੇ ਉਮਰ ਵਧਾ ਲਓ,
ਮਨ ਚਾਹਿਆ ਵਰ ਵੀ ਪਾਅ ਲਓ,
ਹੈ ਸਾੜ ਸਤੀ ਤਾਂ ਛਨੀ ਧਿਆਲੋ,
ਘਰੇ ਚੰਡੀ ਦਾ ਪਾਠ ਕਰਾ ਲਓ…


ਜਿਵੇਂ ਕੜਾਹੀਆਂ ਕੁੰਡੇ ਵੰਡਦੇ,
ਬਾਬੇ ਵੀ ਕਈ ਮੁੰਡੇ ਵੰਡਦੇ,
ਇਕ ਦੋ ਨਹੀਂ ਬਥੇਰੇ ਹੋ ਗਏ,
ਕਈ ਕਈ ਰੱਬ ਕਈ ਡੇਰੇ ਹੋ ਗਏ…


ਬਾਬੇ ਨੇ ਵੀ ਹੱਲ ਸੀ ਵਾਹਿਆ,
ਨੰਗੇ ਪੈਰੀਂ ਚੱਲ ਸੀ ਵਾਹਿਆ,
ਬਾਣੀ ਵਿੱਚ ਸੀ ਗੱਲ ਸਮਝਾਈ,
ਵਹਿਮ ਭਰਮ ਨਾ ਕਰਿਓ ਭਾਈ…


ਸਮਝੋ ਕਹਿੰਦੇ ਇਹ ਅੱਖਰ ਕੀ ਹੈ,
ਇਹਨਾਂ ਗੱਲਾਂ ਪਿੱਛੇ ਚੱਕਰ ਕੀ ਹੈ,
ਬਹੁਤੇ ਪਖੰਡ ਕਹਾਣੀਆਂ ਨੇ ਕੁਝ,
ਸਦੀਆਂ ਨਾਲੋ ਪੁਰਾਣੀਆਂ ਨੇ ਕੁਝ..


ਓਦੋਂ ਬਹੁਤਾ ਧਿਆਨ ਨਹੀਂ ਸੀ,
ਪੜ੍ਹਦੇ ਲੋਕ ਵਿਗਿਆਨ ਨਹੀਂ ਸੀ,
ਕੁਝ ਰਸਮਾਂ ਮਾਰੀ ਮਤੀ ਹੁੰਦੀ ਸੀ,
ਵਿਧਵਾ ਵੀ ਓਦੋਂ ਸਤੀ ਹੁੰਦੀ ਸੀ..


ਚੰਗੇ ਬੁਰੇ ਵਿਚ ਫ਼ਰਕ ਕਰੋ ਜੀ,
ਅਕਲ ਨੂੰ ਵਰਤੋ ਤਰਕ ਕਰੋ ਜੀ,
ਮਿਹਨਤ ਵਾਜੋਂ ਨਾਮ ਪਕੇ ਨਾ,
ਬਿਨ ਅੱਗ ਚੁੱਲ੍ਹੇ ਤਾਮ ਪਕੇ ਨਾ


ਅਜੈ ਗੜ੍ਹਦੀਵਾਲਾ

Related posts

Leave a Reply