ਲੋਕ ਕੋਵਿਡ ਸਬੰਧੀ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਅਪਨਾਉਣ : ਐਸ.ਐਸ.ਪੀ. : ਮਾਸਕ ਨਾ ਪਹਿਨਣ ਅਤੇ ਨਾਈਟ ਕਰਫਿਊ ਦੌਰਾਨ ਗੈਰ ਜ਼ਰੂਰੀ ਆਵਾਜਾਈ ’ਤੇ ਹੋਵੇਗੀ ਕਾਰਵਾਈ

ਲੋਕ ਕੋਵਿਡ ਸਬੰਧੀ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਅਪਨਾਉਣ : ਐਸ.ਐਸ.ਪੀ.
ਮਾਸਕ ਨਾ ਪਹਿਨਣ ਅਤੇ ਨਾਈਟ ਕਰਫਿਊ ਦੌਰਾਨ ਗੈਰ ਜ਼ਰੂਰੀ ਆਵਾਜਾਈ ’ਤੇ ਹੋਵੇਗੀ ਕਾਰਵਾਈ
ਕਰਫਿਊ ਦੀ ਉਲੰਘਣਾ ’ਤੇ 28 ਮਾਮਲੇ ਦਰਜ, ਮਾਸਕ ਨਾ ਪਹਿਨਣ ’ਤੇ 471 ਚਲਾਨ

ਹੁਸ਼ਿਆਰਪੁਰ (ਆਦੇਸ਼ ): ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੋਵਿਡ ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਇਸ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਵਿੱਚ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ ਅਤੇ ਸਾਰਿਆਂ ਨੂੰ ਮਾਸਕ ਪਹਿਨਣ, ਇਕ ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖਣ ਆਦਿ ਨੂੰ ਪੂਰੀ ਤਰਜੀਹ ਦੇਣੀ ਚਾਹੀਦੀ ਹੈ।

ਰਾਤ ਦੇ ਕਰਫਿਊ ਸਬੰਧੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਹੈ ਅਤੇ ਲੋਕਾਂ ਨੂੰ ਇਸ ਸਮੇਂ ਦੌਰਾਨ ਗੈਰ ਜ਼ਰੂਰੀ ਆਵਾਜਾਈ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਅਸਰਦਾਰ ਢੰਗ ਨਾਲ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ ਦੀ ਇਨਬਿਨ ਪਾਲਣਾ ਦੇ ਨਾਲ-ਨਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਸਮੇਂ ਮਾਸਕ ਲਾਜ਼ਮੀ ਤੌਰ ’ਤੇ ਪਹਿਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਸਕ ਪਹਿਨਣ ਤੋਂ ਇਲਾਵਾ, ਸਮੇਂ-ਸਮੇਂ ਸਿਰ ਹੱਥ ਧੋਣ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਨੂੰ ਬਰਕਰਾਰ ਰੱਖਣਾ ਵੀ ਅਤਿ ਜ਼ਰੂਰੀ ਹੈ ਜਿਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ।

ਲੋਕਾਂ ਨੂੰ ਮਾਸਕ ਪਹਿਨਣ ਦੀ ਪੁਰਜ਼ੋਰ ਅਪੀਲ ਕਰਦਿਆਂ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਸੰਦਰਭ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਮਾਸਕ ਨਾ ਪਹਿਨਣ ’ਤੇ 471 ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਾਤ ਦੇ ਕਰਫਿਊ ਦੀ ਉਲੰਘਣਾ ਸਬੰਧੀ 28 ਮਾਮਲੇ ਦਰਜ ਕੀਤੇ ਗਏ ਹਨ।

ਐਸ.ਐਸ.ਪੀ. ਨੇ ਜ਼ਿਲ੍ਹੇ ’ਚ ਬਣਾਏ ਗਏ ਮਾਈਕ੍ਰੋ ਕੰਟੇਨਮੈਂਟ ਜੋਨਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ ਦੀ ਰੋਕਥਾਮ ਲਈ ਨਿਰਦੇਸ਼ਾਂ ਦੀ ਇਨਬਿਨ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਇਹ ਵਾਇਰਸ ਅੱਗੇ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਇਸ ਸਿਹਤ ਸੰਕਟ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਠੱਲ੍ਹ ਪਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ।  

ਕੋਵਿਡ ਵੈਕਸੀਨ ਸਬੰਧੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਥਾਨਕ ਪੁਲਿਸ ਲਾਈਨ ਹਸਪਤਾਲ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1700 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਜਿਨ੍ਹਾਂ ’ਚੋਂ 1100 ਦੇ ਕਰੀਬ ਦੋਵੇਂ ਡੋਜ਼ਾਂ ਲਗਵਾ ਚੁੱਕੇ ਹਨ ਅਤੇ 600 ਦੇ ਕਰੀਬ ਮੁਲਾਜ਼ਮਾਂ ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ।

 

Related posts

Leave a Reply